- 1 ਉਪਰੰਤ ਮੈਂ ਜੋ ਪ੍ਰਭੁ ਦੇ ਨਮਿੱਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹ ਦੇ ਜੋਗ ਚਾਲ ਚੱਲੋ।
- 2 ਅਰਥਾਤ ਪੂਰਨ ਅਧੀਨਗੀ ਨਰਮਾਈ, ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ।
- 3 ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਨਾ ਕਰਨ ਦਾ ਜਤਨ ਕਰੋ।
- 4 ਇੱਕੋ ਦੇਹੀ ਅਤੇ ਇੱਕੋ ਆਤਮਾ ਹੈ ਜਿਵੇਂ ਤੁਸੀਂ ਵੀ ਆਪਣੇ ਸੱਦੇ ਦੀ ਇੱਕੋ ਆਸ ਵਿੱਚ ਸੱਦੇ ਗਏ।
- 5 ਇੱਕੋ ਪ੍ਰਭੁ, ਇੱਕੋ ਨਿਹਚਾ, ਇੱਕੋ ਬਪਤਿਸਮਾ ਹੈ,
- 6 ਇੱਕੋ ਪਰਮੇਸ਼ੁਰ ਅਤੇ ਪਿਤਾ ਸਭਨਾਂ ਦਾ ਹੈ ਜਿਹੜਾ ਸਭਨਾਂ ਦੇ ਉੱਤੇ, ਸਭਨਾਂ ਦੇ ਵਿੱਚ, ਅਤੇ ਸਭਨਾਂ ਦੇ ਅਦੰਰ ਹੈ।
- 7 ਪਰ ਅਸਾਂ ਵਿੱਚੋਂ ਹਰੇਕ ਉੱਤੇ ਮਸੀਹ ਦੇ ਦਾਨ ਦੇ ਅੰਦਾਜ਼ੇ ਦੇ ਅਨੁਸਾਰ ਕਿਰਪਾ ਕੀਤੀ ਗਈ।
- 8 ਇਸ ਲਈ ਉਹ ਆਖਦਾ ਹੈ-ਜਾਂ ਉਹ ਉਤਾਹਾਂ ਨੂੰ ਚੜ੍ਹਿਆ, ਓਨ ਬੰਧਨ ਨੂੰ ਬੰਨ੍ਹ ਲਿਆ, ਅਤੇ ਮਨੁੱਖਾਂ ਨੂੰ ਦਾਨ ਦਿੱਤੇ।
- 9 ਹੁਣ ਇਸ ਗੱਲ ਦਾ ਭਈ ਉਹ ਚੜ੍ਹਿਆ ਇਸ ਤੋਂ ਬਿਨਾ ਹੋਰ ਕੀ ਭਾਵ ਹੈ ਜੋ ਉਹ ਧਰਤੀ ਦੇ ਹੇਠਲਿਆਂ ਥਾਵਾਂ ਵਿੱਚ ਉਤਰਿਆ ਵੀ ਸੀ।
- 10 ਜਿਹੜਾਂ ਉਤਰਿਆ ਸੋ ਉਹੋ ਹੈ ਜੋ ਸਾਰੇ ਅਕਾਸ਼ਾਂ ਦੇ ਉਤਾਹਾਂ ਚੜ੍ਹਿਆ ਵੀ ਸੀ ਭਈ ਸੱਭੋ ਕੁਝ ਭਰਪੂਰ ਕਰੇ।
- 11 ਉਹ ਨੇ ਕਈਆਂ ਨੂੰ ਰਸੂਲ, ਕਈਆਂ ਨੂੰ ਨਬੀ, ਕਈਆਂ ਨੂੰ ਪਰਚਾਰਕ, ਕਈਆਂ ਨੂੰ ਪਾਸਬਾਨ ਅਤੇ ਉਸਤਾਦ ਕਰਕੇ ਦੇ ਦਿੱਤਾ।
- 12 ਤਾਂ ਜੋ ਸੇਵਕਾਈ ਦੇ ਕੰਮ ਲਈ ਸੰਤ ਸਿੱਧ ਹੋਣ ਅਤੇ ਮਸੀਹ ਦੀ ਦੇਹੀ ਉਸਰਦੀ ਜਾਵੇ।
- 13 ਜਦੋਂ ਤੀਕ ਅਸੀਂ ਸੱਭੇ ਨਿਹਚਾ ਦੀ ਅਤੇ ਪਰਮੇਸ਼ੁਰ ਦੇ ਪੁੱਤ੍ਰ ਦੀ ਪਛਾਣ ਦੀ ਏਕਤਾ ਅਤੇ ਪੂਰੇ ਮਰਦਊਪੁਣੇ ਤੀਕ ਅਰਥਾਤ ਮਸੀਹ ਦੀ ਪੂਰੀ ਡੀਲ ਦੇ ਅੰਦਾਜ਼ੇ ਤੀਕ ਨਾ ਪਹੁੰਚੀਏ।
- 14 ਭਈ ਅਸੀਂ ਅਗਾਹਾਂ ਨੂੰ ਇਞਾਣੇ ਨਾ ਰਹੀਏ ਜਿਹੜੇ ਮਨੁੱਖਾਂ ਦੀ ਠੱਗ ਵਿੱਦਿਆ ਅਤੇ ਭੁਲਾਉਣ ਵਾਲੀ ਛਲ ਛਿੱਦ੍ਰ ਰੂਪੀ ਚਤਰਾਈ ਨਾਲ ਸਿੱਖਿਆ ਦੇ ਹਰੇਕ ਬੁੱਲੇ ਨਾਲ ਐਧਰ ਉੱਧਰ ਡੋਲਦੇ ਫਿਰਦੇ ਹਨ।
- 15 ਸਗੋਂ ਅਸੀਂ ਪ੍ਰੇਮ ਨਾਲ ਸੱਚ ਕਮਾਉਂਦਿਆਂ ਹੋਇਆਂ ਉਸ ਵਿੱਚ ਜੋ ਸਿਰ ਹੈ ਅਰਥਾਤ ਮਸੀਹ ਵਿੱਚ ਹਰ ਤਰਾਂ ਵਧਦੇ ਜਾਈਏ।
- 16 ਜਿਸ ਤੋਂ ਸਾਰੀ ਦੇਹੀ ਹਰੇਕ ਜੋੜ ਦੀ ਮੱਦਤ ਨਾਲ ਠੀਕ ਠੀਕ ਜੁੜ ਕੇ ਅਤੇ ਇੱਕ ਸੰਗ ਮਿਲ ਕੇ ਇੱਕ ਇੱਕ ਅੰਗ ਦੇ ਵਲ ਕੰਮ ਕਰਨ ਅਨੁਸਾਰ ਆਪਣੇ ਆਪ ਨੂੰ ਵਧਾਈ ਜਾਂਦੀ ਹੈ ਭਈ ਉਹ ਪ੍ਰੇਮ ਵਿੱਚ ਆਪਣੀ ਉਸਾਰੀ ਕਰੇ।
- 17 ਉਪਰੰਤ ਮੈਂ ਇਹ ਆਖਦਾ ਹਾਂ ਅਤੇ ਪ੍ਰਭੁ ਵਿੱਚ ਗਵਾਹ ਹੋ ਕੇ ਤਗੀਦ ਕਰਦਾ ਹਾਂ ਜੋ ਤੁਸੀਂ ਅਗਾਹਾਂ ਨੂੰ ਅਜਿਹੀ ਚਾਲ ਨਾ ਚੱਲੋ ਜਿਵੇਂ ਪਰਾਈਆਂ ਕੌਮਾਂ ਵੀ ਆਪਣੀ ਬੁੱਧ ਦੇ ਵਿਰਥਾਪੁਣੇ ਨਾਲ ਚੱਲਦੀਆਂ ਹਨ।
- 18 ਉਨ੍ਹਾਂ ਦੀ ਬੁੱਧ ਅਨ੍ਹੇਰੀ ਹੋਈ ਹੋਈ ਹੈ ਅਤੇ ਉਸ ਅਗਿਆਨ ਦੇ ਕਾਰਨ ਜੋ ਉਨ੍ਹਾਂ ਵਿੱਚ ਹੈ ਅਤੇ ਆਪਣੇ ਮਨ ਦੀ ਕਠੋਰਤਾ ਦੇ ਕਾਰਨ ਓਹ ਪਰਮੇਸ਼ੁਰ ਦੇ ਜੀਵਨ ਤੋਂ ਅੱਡ ਹੋਏ ਹੋਏ ਹਨ।
- 19 ਉਨ੍ਹਾਂ ਨੇ ਸੁੰਨ ਹੋ ਕੇ ਆਪਣੇ ਆਪ ਨੂੰ ਲੁੱਚਪੁਣੇ ਦੇ ਹੱਥ ਸੌਂਪ ਦਿੱਤਾ ਭਈ ਹਰ ਭਾਂਤ ਦੇ ਗੰਦੇ ਮੰਦੇ ਕੰਮ ਚੌਂਪ ਨਾਲ ਕਰਨ।
- 20 ਪਰ ਤੁਸਾਂ ਮਸੀਹ ਦੀ ਅਜਿਹੀ ਸਿੱਖਿਆ ਨਾ ਪਾਈ!
- 21 ਜੇ ਤੁਸਾਂ ਕਿਤੇ ਉਹ ਦੀ ਸੁਣੀ ਅਤੇ ਜਿਵੇਂ ਸਚਿਆਈ ਯਿਸੂ ਵਿੱਚ ਹੈ ਤਿਵੇਂ ਉਸ ਵਿੱਚ ਤੁਸੀਂ ਸਿਖਾਏ ਗਏ ਹੋ।
- 22 ਭਈ ਤੁਸੀਂ ਅਗਲੇ ਚਲਣ ਦੀ ਉਸ ਪੁਰਾਣੀ ਇਨਸਾਨੀਅਤ ਨੂੰ ਲਾਹ ਸੁੱਟੋ ਜੋ ਧੋਖਾ ਦੇਣ ਵਾਲੀਆਂ ਕਾਮਨਾਂ ਦੇ ਅਨੁਸਾਰ ਵਿਗੜਦੀ ਜਾਂਦੀ ਹੈ।
- 23 ਅਤੇ ਆਪਣੇ ਮਨ ਦੇ ਸੁਭਾਉ ਵਿੱਚ ਨਵੇਂ ਬਣੋ
- 24 ਅਤੇ ਨਵੀਂ ਇਨਸਾਨੀਅਤ ਨੂੰ ਪਹਿਨ ਲਓ ਜਿਹੜੀ ਪਰਮੇਸ਼ੁਰ ਦੇ ਅਨੁਸਾਰ ਸਚਿਆਈ ਦੇ ਧਰਮ ਅਤੇ ਪਵਿੱਤਰਤਾਈ ਵਿੱਚ ਉਤਪਤ ਹੋਈ।
- 25 ਇਸ ਲਈ ਤੁਸੀਂ ਝੂਠ ਨੂੰ ਤਿਆਗ ਕੇ ਹਰੇਕ ਆਪਣੇ ਗੁਆਂਢੀ ਨਾਲ ਸੱਚ ਬੋਲੋ ਕਿਉਂ ਜੋ ਅਸੀਂ ਇੱਕ ਦੂਏ ਦੇ ਅੰਗ ਹਾਂ।
- 26 ਤੁਸੀਂ ਗੁੱਸੇ ਤਾਂ ਹੋਵੋ ਪਰ ਪਾਪ ਨਾ ਕਰੋ, ਸੂਰਜ ਤੁਹਾਡੇ ਕ੍ਰੋਧ ਉੱਤੇ ਨਾ ਡੁੱਬ ਜਾਵੇ!
- 27 ਅਤੇ ਨਾ ਸ਼ਤਾਨ ਨੂੰ ਥਾਂ ਦਿਓ!
- 28 ਚੋਰੀ ਕਰਨ ਵਾਲਾ ਅਗਾਹਾਂ ਨੂੰ ਚੋਰੀ ਨਾ ਕਰੇ ਸਗੋਂ ਆਪਣੇ ਹੱਥੀਂ ਮਿਹਨਤ ਕਰ ਕੇ ਭਲਾ ਕੰਮ ਕਰੇ ਭਈ ਜਿਹ ਨੂੰ ਲੋੜ ਹੈ ਉਹ ਨੂੰ ਵੰਡ ਦੇਣ ਲਈ ਕੁਝ ਉਹ ਦੇ ਕੋਲ ਹੋਵੇ।
- 29 ਕੋਈ ਗੰਦੀ ਗੱਲ ਤੁਹਾਡੇ ਮੂੰਹੋਂ ਨਾ ਨਿੱਕਲੇ ਸਗੋਂ ਜਿਵੇਂ ਲੋੜ ਪਵੇ ਉਹ ਗੱਲ ਨਿੱਕਲੇ ਜਿਹੜੀ ਹੋਰਨਾਂ ਦੀ ਉੱਨਤੀ ਲਈ ਚੰਗੀ ਹੋਵੇ ਭਈ ਸੁਣਨ ਵਾਲਿਆਂ ਉੱਤੇ ਕਿਰਪਾ ਹੋਵੇ।
- 30 ਅਤੇ ਪਰਮੇਸ਼ੁਰ ਦੇ ਪਵਿੱਤਰ ਆਤਮਾ ਨੂੰ ਜਿਹ ਦੇ ਨਾਲ ਨਿਸਤਾਰੇ ਦੇ ਦਿਨ ਤੀਕ ਤੁਹਾਡੇ ਉੱਤੇ ਮੋਹਰ ਲੱਗੀ ਹੋਈ ਹੈ ਉਦਾਸ ਨਾ ਕਰੋ।
- 31 ਸਭ ਕੁੱੜਤਣ, ਕ੍ਰੋਧ, ਕੋਪ, ਰੌਲਾ ਅਤੇ ਦੁਰਬਚਨ ਸਾਰੀ ਬੁਰਿਆਈ ਸਣੇ ਤੁਹਾਥੋਂ ਦੂਰ ਹੋਵੇ
- 32 ਅਤੇ ਤੁਸੀਂ ਇੱਕ ਦੂਏ ਉੱਤੇ ਕਿਰਪਾਵਾਨ ਅਤੇ ਤਰਸਵਾਨ ਹੋਵੋ ਅਤੇ ਇੱਕ ਦੂਏ ਨੂੰ ਮਾਫ਼ ਕਰੋ ਜਿਵੇਂ ਪਰਮੇਸ਼ੁਰ ਨੇ ਵੀ ਮਸੀਹ ਵਿੱਚ ਤੁਹਾਨੂੰ ਮਾਫ਼ ਕੀਤਾ।
Ephesians 04
- Details
- Parent Category: New Testament
- Category: Ephesians
ਅਫ਼ਸੀਆਂ ਕਾਂਡ 4