- 1 ਉਨ੍ਹੀਂ ਦਿਨੀਂ ਐਉਂ ਹੋਇਆ ਕਿ ਕੈਸਰ ਔਗੂਸਤੁਸ ਦੇ ਕੋਲੋਂ ਹੁਕਮ ਨਿੱਕਲਿਆ ਜੋ ਸਾਰੀ ਦੁਨੀਆ ਦੀ ਮਰਦੁਮਸ਼ੁਮਾਰੀ ਹੋਵੇ।
- 2 ਇਹ ਪਹਿਲੀ ਮਰਦੁਮਸ਼ੁਮਾਰੀ ਸੀ ਜੋ ਸੂਰੀਆ ਦੇ ਹਾਕਿਮ ਕੁਰੇਨਿਯੁਸ ਦੇ ਸਮੇ ਵਿੱਚ ਕੀਤੀ ਗਈ।
- 3 ਤਦੋਂ ਸਭ ਆਪੋ ਆਪਣੇ ਨਗਰ ਨੂੰ ਨਾਉਂ ਲਿਖਾਉਣ ਚੱਲੇ।
- 4 ਅਤੇ ਯੂਸੁਫ਼ ਵੀ ਇਸ ਲਈ ਜੋ ਉਹ ਦਾਊਦ ਦੇ ਘਰਾਣੇ ਅਤੇ ਉਲਾਦ ਵਿੱਚੋਂ ਸੀ, ਗਲੀਲ ਦੇ ਨਾਸਰਤ ਨਗਰੋਂ ਯਹੂਦਿਯਾ ਵਿੱਚ ਦਾਊਦ ਦੇ ਨਗਰ ਨੂੰ ਜੋ ਬੈਤਲਹਮ ਕਹਾਉਂਦਾ ਹੈ ਗਿਆ।
- 5 ਭਈ ਆਪਣੀ ਮੰਗ ਮਰਿਯਮ ਸਣੇ ਜੋ ਗਰਭਵੰਤੀ ਸੀ ਆਪਣਾ ਨਾਉਂ ਲਿਖਾਵੇ।
- 6 ਅਤੇ ਐਉਂ ਹੋਇਆ ਕਿ ਉਨ੍ਹਾਂ ਦੇ ਉੱਥੇ ਹੁੰਦਿਆਂ ਮਰਿਯਮ ਦੇ ਜਣਨੇ ਦੇ ਦਿਨ ਪੂਰੇ ਹੋ ਗਏ।
- 7 ਅਤੇ ਉਹ ਆਪਣਾ ਜੇਠਾ ਪੁੱਤ੍ਰ ਜਣੀ ਅਰ ਉਹ ਨੂੰ ਕੱਪੜੇ ਵਿੱਚ ਵਲ੍ਹੇਟ ਕੇ ਖੁਰਲੀ ਵਿੱਚ ਰੱਖਿਆ ਕਿਉਂ ਜੋ ਉਨ੍ਹਾਂ ਨੂੰ ਸਰਾਂ ਵਿੱਚ ਥਾਂ ਨਾ ਮਿਲਿਆ।
- 8 ਉਸ ਦੇਸ ਵਿੱਚ ਅਯਾਲੀ ਸਨ ਜੋ ਰੜ ਵਿੱਚ ਰਹਿੰਦੇ ਅਤੇ ਰਾਤ ਨੂੰ ਆਪਣੇ ਇੱਜੜ ਦੀ ਰਾਖੀ ਕਰਦੇ ਸਨ।
- 9 ਪ੍ਰਭੁ ਦਾ ਇੱਕ ਦੂਤ ਉਨ੍ਹਾਂ ਦੇ ਕੋਲ ਆ ਖਲੋਤਾ ਅਤੇ ਪ੍ਰਭੁ ਦਾ ਤੇਜ ਉਨ੍ਹਾਂ ਦੇ ਚੁਫੇਰੇ ਚਮਕਿਆ ਅਤੇ ਓਹ ਬਹੁਤ ਹੀ ਡਰ ਗਏ।
- 10 ਤਦ ਦੂਤ ਨੇ ਉਨ੍ਹਾਂ ਨੂੰ ਆਖਿਆ, ਨਾ ਡਰੋ ਕਿਉਂਕਿ ਵੇਖੋ ਮੈਂ ਤੁਹਾਨੂੰ ਵੱਡੀ ਖੁਸ਼ੀ ਦੀ ਖਬਰ ਸੁਣਾਉਂਦਾ ਹਾਂ ਜੋ ਸਾਰੀ ਪਰਜਾ ਦੇ ਲਈ ਹੋਵੇਗੀ।
- 11 ਭਈ ਦਾਊਦ ਦੇ ਨਗਰ ਵਿੱਚ ਅੱਜ ਤੁਹਾਡੇ ਲਈ ਇੱਕ ਮੁਕਤੀ ਦਾਤਾ ਪੈਦਾ ਹੋਇਆ, ਜਿਹੜਾ ਮਸੀਹ ਪ੍ਰਭੁ ਹੈ।
- 12 ਅਤੇ ਤੁਹਾਡੇ ਲਈ ਇਹ ਪਤਾ ਹੈ ਕਿ ਤੁਸੀਂ ਇੱਕ ਬਾਲਕ ਨੂੰ ਕੱਪੜੇ ਵਿੱਚ ਵਲ੍ਹੇਟਿਆ ਅਤੇ ਖੁਰਲੀ ਵਿੱਚ ਪਿਆ ਹੋਇਆ ਵੇਖੋਗੇ।
- 13 ਤਾਂ ਇੱਕ ਦਮ ਸੁਰਗ ਦੀ ਫ਼ੌਜ ਦਾ ਇੱਕ ਜੱਥਾ ਉਸ ਦੂਤ ਦੇ ਨਾਲ ਹੋਕੇ ਪਰਮੇਸ਼ੁਰ ਦੀ ਉਸਤਤ ਕਰਦਾ ਅਤੇ ਇਹ ਕਹਿੰਦਾ ਸੀ—
- 14 ਪਰਮਧਾਮ ਵਿੱਚ ਪਰਮੇਸ਼ੁਰ ਦੀ ਵਡਿਆਈ, ਅਤੇ ਧਰਤੀ ਉੱਤੇ ਸ਼ਾਂਤੀ ਉਨ੍ਹਾਂ ਲੋਕਾਂ ਵਿੱਚ ਜਿਨ੍ਹਾਂ ਨਾਲ ਉਹ ਪਰਸਿੰਨ ਹੈ।
- 15 ਤਾਂ ਐਉਂ ਹੋਇਆ ਕਿ ਜਦ ਦੂਤ ਉਨ੍ਹਾਂ ਦੇ ਕੋਲੋਂ ਅਕਾਸ਼ ਉੱਤੇ ਚੱਲੇ ਗਏ ਤਦ ਅਯਾਲੀਆਂ ਨੇ ਆਪਸ ਵਿੱਚ ਆਖਿਆ, ਆਓ ਹੁਣ ਬੈਤਲਹਮ ਤੀਕਰ ਚੱਲੀਏ ਅਤੇ ਇਸ ਗੱਲ ਨੂੰ ਜੋ ਹੋਈ ਹੈ ਵੇਖੀਏ ਜਿਹ ਦੀ ਪ੍ਰਭੁ ਨੇ ਸਾਨੂੰ ਖਬਰ ਦਿੱਤੀ ਹੈ।
- 16 ਤਦ ਉਨ੍ਹਾਂ ਛੇਤੀ ਨਾਲ ਆਣ ਕੇ ਮਰਿਯਮ ਅਤੇ ਯੂਸੁਫ਼ ਨੂੰ ਅਤੇ ਉਸ ਬਾਲਕ ਨੂੰ ਖੁਰਲੀ ਵਿੱਚ ਪਿਆ ਡਿੱਠਾ।
- 17 ਅਤੇ ਵੇਖ ਕੇ ਉਨ੍ਹਾਂ ਨੇ ਉਸ ਬਚਨ ਨੂੰ ਜਿਹੜਾ ਇਸ ਬਾਲਕ ਦੇ ਹੱਕ ਵਿੱਚ ਉਨ੍ਹਾਂ ਨੂੰ ਕਿਹਾ ਗਿਆ ਸੀ ਸੁਣਾਇਆ।
- 18 ਅਤੇ ਸਾਰੇ ਸੁਣਨ ਵਾਲੇ ਇਨ੍ਹਾਂ ਗੱਲਾਂ ਤੋਂ ਜੋ ਅਯਾਲੀਆਂ ਨੇ ਉਨ੍ਹਾਂ ਨੂੰ ਕਹੀਆਂ ਹੈਰਾਨ ਹੋਏ।
- 19 ਪਰ ਮਰਿਯਮ ਨੇ ਇਨ੍ਹਾਂ ਸਭਨਾਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਧਿਆਨ ਨਾਲ ਰੱਖਿਆ।
- 20 ਅਤੇ ਅਯਾਲੀ ਇਨ੍ਹਾਂ ਸਭਨਾਂ ਗੱਲਾਂ ਦੇ ਵਿਖੇ ਜਿੱਕੁਰ ਉਨ੍ਹਾਂ ਨੂੰ ਕਹੀਆਂ ਗਈਆਂ ਸਨ ਤਿੱਕੁਰ ਸੁਣ ਵੇਖ ਕੇ ਪਰਮੇਸ਼ੁਰ ਦੀ ਵਡਿਆਈ ਅਤੇ ਉਸਤਤ ਕਰਦੇ ਹੋਏ ਮੁੜ ਗਏ।
- 21 ਜਾਂ ਅੱਠ ਦਿਨ ਪੂਰੇ ਹੋਏ ਕਿ ਉਹ ਦੀਆਂ ਸੁੰਨਤਾਂ ਹੋਣ ਤਾਂ ਉਹ ਦਾ ਨਾਮ ਯਿਸੂ ਰੱਖਿਆ ਗਿਆ ਜੋ ਉਹ ਦੇ ਕੁੱਖ ਵਿੱਚ ਪੈਣ ਤੋਂ ਅੱਗੇ ਦੂਤ ਨੇ ਰੱਖਿਆ ਸੀ।
- 22 ਜਾਂ ਮੂਸਾ ਦੀ ਸ਼ਰ੍ਹਾ ਮੂਜਬ ਉਨ੍ਹਾਂ ਦੇ ਸ਼ੁੱਧ ਹੋਣ ਦੇ ਦਿਨ ਪੂਰੇ ਹੋਏ ਤਾਂ ਉਸ ਨੂੰ ਪ੍ਰਭੁ ਦੇ ਅੱਗੇ ਹਾਜ਼ਰ ਕਰਨ ਲਈ ਯਰੂਸ਼ਲਮ ਵਿੱਚ ਲਿਆਏ।
- 23 ਜਿਵੇਂ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖਿਆ ਹੋਇਆ ਹੈ ਭਈ ਹਰੇਕ ਕੁੱਖ ਦਾ ਖੋਲ੍ਹਣ ਵਾਲਾ ਨਰ ਪ੍ਰਭੁ ਦੇ ਲਈ ਪਵਿੱਤ੍ਰ ਕਹਾਵੇਗਾ।
- 24 ਅਤੇ ਉਸ ਗੱਲ ਅਨੁਸਾਰ ਜੋ ਪ੍ਰਭੁ ਦੀ ਸ਼ਰ੍ਹਾ ਵਿੱਚ ਲਿਖੀ ਹੋਈ ਹੈ ਅਰਥਾਤ ਖੁਮਰੀਆਂ ਦਾ ਇੱਕ ਜੋੜਾ ਯਾ ਕਬੂਤਰ ਦੇ ਦੋ ਬੱਚੇ ਬਲੀਦਾਨ ਕਰਨ।
- 25 ਅਤੇ ਵੇਖੋ, ਯਰੂਸ਼ਲਮ ਵਿੱਚ ਸਿਮਓਨ ਕਰਕੇ ਇੱਕ ਮਨੁੱਖ ਸੀ ਅਰ ਉਹ ਧਰਮੀ ਅਤੇ ਭਗਤ ਲੋਕ ਸੀ ਅਤੇ ਇਸਰਾਏਲ ਦੀ ਤਸੱਲੀ ਦੀ ਉਡੀਕ ਵਿੱਚ ਸੀ ਅਰ ਪਵਿੱਤ੍ਰ ਆਤਮਾ ਉਸ ਉੱਤੇ ਸੀ।
- 26 ਅਰ ਉਹ ਨੂੰ ਪਵਿੱਤ੍ਰ ਆਤਮਾ ਨੇ ਖਬਰ ਦਿੱਤੀ ਸੀ ਭਈ ਜਦ ਤੀਕਰ ਤੂੰ ਪ੍ਰਭੁ ਦੇ ਮਸੀਹ ਨੂੰ ਨਾ ਵੇਖੇਂ ਤੂੰ ਨਾ ਮਰੇਂਗਾ।
- 27 ਉਹ ਆਤਮਾ ਦੀ ਅਗਵਾਈ ਨਾਲ ਹੈਕਲ ਵਿੱਚ ਆਇਆ ਅਤੇ ਜਿਸ ਵੇਲੇ ਮਾਪੇ ਉਸ ਬਾਲਕ ਯਿਸੂ ਨੂੰ ਅੰਦਰ ਲਈ ਆਉਂਦੇ ਸਨ ਜੋ ਸ਼ਰ੍ਹਾ ਦੀ ਰੀਤ ਅਨੁਸਾਰ ਉਹ ਦੇ ਲਈ ਅਮਲ ਕਰਨ।
- 28 ਓਨ ਉਸ ਨੂੰ ਕੁੱਛੜ ਲਿਆ ਅਤੇ ਪਰਮੇਸ਼ੁਰ ਨੂੰ ਮੁਬਾਰਕਬਾਦ ਦੇਕੇ ਬੋਲਿਆ,
- 29 ਹੇ ਮਾਲਕ, ਹੁਣ ਤੂੰ ਆਪਣੇ ਦਾਸ ਨੂੰ ਆਪਣੇ ਬਚਨ ਅਨੁਸਾਰ ਸ਼ਾਂਤੀ ਨਾਲ ਵਿਦਿਆ ਕਰਦਾ ਹੈਂ,
- 30 ਕਿਉਂਕਿ ਮੇਰੀਆਂ ਅੱਖਾਂ ਨੇ ਤੇਰੀ ਮੁਕਤੀ ਡਿੱਠੀ,
- 31 ਜਿਹੜੀ ਤੈਂ ਸਾਰੇ ਲੋਕਾਂ ਅੱਗੇ ਤਿਆਰ ਕੀਤੀ ਹੈ,
- 32 ਪਰਾਈਆਂ ਕੌਮਾਂ ਨੂੰ ਉਜਾਲਾ ਕਰਨ ਲਈ ਜੋਤ, ਅਤੇ ਆਪਣੀ ਪਰਜਾ ਇਸਰਾਏਲ ਦੇ ਲਈ ਤੇਜ।
- 33 ਤਦ ਉਹ ਦੇ ਪਿਤਾ ਤੇ ਮਾਤਾ ਉਨ੍ਹਾਂ ਗੱਲਾਂ ਤੋਂ ਜੋ ਉਹ ਦੇ ਵਿਖੇ ਆਖੀਆਂ ਗਈਆਂ ਹੈਰਾਨ ਹੋ ਰਹੇ ਸਨ।
- 34 ਤਾਂ ਸਿਮਓਨ ਨੇ ਉਨ੍ਹਾਂ ਨੂੰ ਅਸੀਸ ਦਿੱਤੀ ਅਤੇ ਉਹ ਦੀ ਮਾਤਾ ਮਰਿਯਮ ਨੂੰ ਆਖਿਆ, ਵੇਖ ਇਹ ਬਾਲਕ ਇਸਰਾਏਲ ਵਿੱਚ ਬਹੁਤਿਆਂ ਦੇ ਡਿੱਗਣ ਅਤੇ ਉੱਠਣ ਦੇ ਲਈ ਠਹਿਰਾਇਆ ਹੋਇਆ ਹੈ ਅਤੇ ਇੱਕ ਨਿਸ਼ਾਨ ਲਈ ਜਿਹ ਦੇ ਵਿਰੁੱਧ ਗੱਲਾਂ ਹੋਣਗੀਆਂ।
- 35 ਸਗੋਂ ਤਲਵਾਰ ਤੇਰੀ ਜਿੰਦ ਦੇ ਵਿੱਚੋਂ ਵੀ ਫਿਰ ਜਾਵੇਗੀ ਤਾਂ ਜੋ ਬਹੁਤਿਆਂ ਦੇ ਮਨਾਂ ਦੀਆਂ ਸੋਚਾਂ ਪਰਗਟ ਹੋ ਜਾਣ।
- 36 ਅਤੇ ਅਸ਼ੇਰ ਦੇ ਘਰਾਣੇ ਵਿੱਚੋਂ ਆੱਨਾ ਨਾਉਂ ਦੀ ਇੱਕ ਨਬੀਆ ਫ਼ਨੂਏਲ ਦੀ ਧੀ ਸੀ। ਉਹ ਵੱਡੀ ਉਮਰ ਦੀ ਸੀ। ਉਸ ਨੇ ਆਪਣੇ ਕੁਆਰਪੁਣੇ ਤੋਂ ਸੱਤ ਵਰਹੇ ਭਰਥਾ ਨਾਲ ਨਿਰਵਾਹ ਕੀਤਾ ਸੀ।
- 37 ਅਤੇ ਉਹ ਚੁਰਾਸੀਆਂ ਵਰਿਹਾਂ ਤੋਂ ਵਿਧਵਾ ਸੀ ਜੋ ਹੈਕਲ ਨੂੰ ਨਾ ਛੱਡਦੀ ਪਰ ਵਰਤ ਰੱਖਣ ਅਤੇ ਬੇਨਤੀ ਕਰਨ ਨਾਲ ਰਾਤ ਦਿਨ ਬੰਦਗੀ ਕਰਦੀ ਰਹਿੰਦੀ ਸੀ।
- 38 ਉਸ ਨੇ ਉਸੇ ਘੜੀ ਉੱਥੇ ਆਣ ਕੇ ਪਰਮੇਸ਼ੁਰ ਦਾ ਧੰਨਵਾਦ ਕੀਤਾ ਅਤੇ ਉਹ ਦਾ ਜ਼ਿਕਰ ਉਨ੍ਹਾਂ ਸਭਨਾਂ ਨਾਲ ਕੀਤਾ ਜਿਹੜੇ ਯਰੂਸ਼ਲਮ ਦੇ ਨਿਸਤਾਰੇ ਦੀ ਉਡੀਕ ਵਿੱਚ ਸਨ।
- 39 ਅਤੇ ਜਾਂ ਓਹ ਪ੍ਰਭੁ ਦੀ ਸ਼ਰ੍ਹਾ ਦੇ ਅਨੁਸਾਰ ਸਭ ਕੁਝ ਕਰ ਹਟੇ ਤਾਂ ਗਲੀਲ ਵੱਲ ਆਪਣੇ ਨਗਰ ਨਾਸਰਤ ਨੂੰ ਮੁੜੇ।
- 40 ਉਹ ਮੁੰਡਾ ਵਧਦਾ ਅਤੇ ਗਿਆਨ ਨਾਲ ਭਰਪੂਰ ਹੋਕੇ ਜ਼ੋਰ ਫੜਦਾ ਗਿਆ, ਅਤੇ ਪ੍ਰਭੁ ਦੀ ਕਿਰਪਾ ਉਸ ਉੱਤੇ ਸੀ।
- 41 ਉਹ ਦੇ ਮਾਪੇ ਵਰਹੇ ਦੇ ਵਰਹੇ ਪਸਾਹ ਦੇ ਤਿਉਹਾਰ ਉੱਤੇ ਯਰੂਸ਼ਲਮ ਨੂੰ ਜਾਂਦੇ ਹੁੰਦੇ ਸਨ।
- 42 ਅਤੇ ਜਾਂ ਉਹ ਬਾਰਾਂ ਵਰਿਹਾਂ ਦਾ ਹੋਇਆ ਤਾਂ ਓਹ ਤਿਉਹਾਰ ਦੀ ਰੀਤ ਅਨੁਸਾਰ ਗਏ।
- 43 ਅਤੇ ਉਨ੍ਹਾਂ ਦਿਨਾਂ ਨੂੰ ਪੂਰਾ ਕਰ ਕੇ ਜਦ ਮੁੜਨ ਲੱਗੇ ਤਦ ਉਹ ਬਾਲਕ ਯਿਸੂ ਯਰੂਸ਼ਲਮ ਵਿੱਚ ਰਹਿ ਗਿਆ ਪਰ ਉਹ ਦੇ ਮਾਪਿਆਂ ਨੂੰ ਮਲੂਮ ਨਾ ਸੀ।
- 44 ਪਰ ਇਹ ਸਮਝ ਕੇ ਭਈ ਉਹ ਕਾਫਲੇ ਵਿੱਚ ਹੈ ਓਹ ਇੱਕ ਮੰਜ਼ਲ ਗਏ ਤਦ ਉਹ ਨੂੰ ਸਾਕਾਂ ਅਤੇ ਜਾਣ ਪਛਾਣਾਂ ਵਿੱਚ ਭਾਲਿਆ।
- 45 ਅਰ ਜਦ ਉਹ ਨਾ ਲੱਭਾ ਤਦ ਉਹ ਦੀ ਭਾਲ ਵਿੱਚ ਯਰੂਸ਼ਲਮ ਨੂੰ ਮੁੜੇ।
- 46 ਅਤੇ ਐਉਂ ਹੋਇਆ ਜੋ ਉਨ੍ਹਾਂ ਨੇ ਤਿੰਨਾਂ ਦਿਨਾਂ ਪਿੱਛੋਂ ਉਹ ਨੂੰ ਹੈਕਲ ਵਿੱਚ ਗੁਰੂਆਂ ਦੇ ਵਿਚਕਾਰ ਬੈਠਿਆ ਉਨ੍ਹਾਂ ਦੀ ਸੁਣਦਿਆਂ ਅਤੇ ਉਨ੍ਹਾਂ ਤੋਂ ਪ੍ਰਸ਼ਨ ਕਰਦਿਆਂ ਲੱਭਾ।
- 47 ਅਤੇ ਸਾਰੇ ਸੁਣਨ ਵਾਲੇ ਉਹ ਦੀ ਸਮਝ ਅਤੇ ਉਹ ਦੇ ਉੱਤਰਾਂ ਤੋਂ ਹੈਰਾਨ ਹੋਏ। 48 ਤਦ ਓਹ ਉਸ ਨੂੰ ਵੇਖ ਕੇ ਅਚਰਜ ਹੋਏ ਅਤੇ ਉਹ ਦੀ ਮਾਤਾ ਨੇ ਉਹ ਨੂੰ ਆਖਿਆ, ਪੁੱਤ੍ਰ ਤੈਂ ਸਾਡੇ ਨਾਲ ਇਹ ਕੀ ਕੀਤਾ ? ਵੇਖ ਤੇਰਾ ਪਿਤਾ ਅਤੇ ਮੈਂ ਕਲਪਦੇ ਹੋਏ ਤੈਨੂੰ ਲੱਭਦੇ ਫਿਰੇ।
- 49 ਉਹ ਨੇ ਉਨ੍ਹਾਂ ਨੂੰ ਆਖਿਆ, ਕਾਹ ਨੂੰ ਤੁਸੀਂ ਮੈਨੂੰ ਲੱਭਦੇ ਸਾਓ?ਭਲਾ, ਤੁਸੀਂ ਨਹੀਂ ਜਾਣਦੇ ਸਾਓ ਭਈ ਮੈਨੂੰ ਚਾਹੀਦਾ ਹੈ ਜੋ ਆਪਣੇ ਪਿਤਾ ਦੇ ਕੰਮਾਂ ਵਿੱਚ ਲੱਗਾ ਰਹਾਂ? 50 ਪਰ ਉਨ੍ਹਾਂ ਇਸ ਗੱਲ ਨੂੰ ਜਿਹੜੀ ਉਸ ਨੇ ਉਨ੍ਹਾਂ ਨੂੰ ਆਖੀ ਨਾ ਸਮਝਿਆ।
- 51 ਤਾਂ ਉਹ ਉਨ੍ਹਾਂ ਦੇ ਨਾਲ ਤੁਰ ਕੇ ਨਾਸਰਤ ਨੂੰ ਆਇਆ ਅਤੇ ਉਨ੍ਹਾਂ ਦੇ ਅਧੀਨ ਰਿਹਾ, ਅਰ ਉਹ ਦੀ ਮਾਤਾ ਨੇ ਇਨ੍ਹਾਂ ਸਾਰੀਆਂ ਗੱਲਾਂ ਨੂੰ ਆਪਣੇ ਹਿਰਦੇ ਵਿੱਚ ਰੱਖਿਆ।
- 52 ਅਤੇ ਯਿਸੂ ਗਿਆਨ ਅਰ ਕੱਦ ਅਰ ਪਰਮੇਸ਼ੁਰ ਅਤੇ ਮਨੁੱਖਾਂ ਦੀ ਕਿਰਪਾ ਵਿੱਚ ਵਧਦਾ ਗਿਆ।
Luke 02
- Details
- Parent Category: New Testament
- Category: Luke
ਲੋਕਾ ਕਾਂਡ 2