wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਪਰਕਾਸ਼ ਦੀ ਪੋਥੀਕਾਂਡ 2
  • 1 ਅਫ਼ਸੁਸ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹ ਨੇ ਆਪਣੇ ਸੱਜੇ ਹੱਥ ਵਿੱਚ ਸੱਤ ਤਾਰੇ ਫੜੇ ਹੋਏ ਹਨ ਅਤੇ ਜਿਹੜਾ ਸੱਤਾਂ ਸੋਨੇ ਦੇ ਸ਼ਮਾਦਾਨਾਂ ਦੇ ਵਿਚਾਲੇ ਫਿਰਦਾ ਹੈ ਉਹ ਇਹ ਆਖਦਾ ਹੈ,
  • 2 ਮੈਂ ਤੇਰੇ ਕੰਮਾਂ ਨੂੰ ਅਤੇ ਤੇਰੀ ਮਿਹਨਤ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਜੋ ਬੁਰਿਆਰਾਂ ਦਾ ਤੈਥੋਂ ਸਹਾਰਾ ਨਹੀਂ ਹੁੰਦਾ ਅਤੇ ਜਿਹੜੇ ਆਪਣੇ ਆਪ ਨੂੰ ਰਸੂਲ ਦੱਸਦੇ ਹਨ ਪਰ ਨਹੀਂ ਹਨ ਤੈਂ ਓਹਨਾਂ ਨੂੰ ਪਰਤਾ ਕੇ ਝੂਠਾ ਵੇਖਿਆ।
  • 3 ਅਤੇ ਤੂੰ ਧੀਰਜ ਰੱਖਦਾ ਹੈਂ ਅਤੇ ਮੇਰੇ ਨਾਮ ਦੇ ਨਮਿੱਤ ਤੈਂ ਸਹਾਰਾ ਕੀਤਾ ਅਤੇ ਨਹੀਂ ਥੱਕਿਆ।
  • 4 ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਆਪਣਾ ਪਹਿਲਾ ਪ੍ਰੇਮ ਛੱਡ ਬੈਠਾ ਹੈਂ।
  • 5 ਸੋ ਚੇਤੇ ਕਰ ਜੋ ਤੂੰ ਕਿੱਥੋਂ ਡਿੱਗਾ ਹੈਂ ਅਤੇ ਤੋਬਾ ਕਰ ਅਤੇ ਆਪਣੇ ਅਗਲੇ ਹੀ ਕੰਮ ਕਰ ! ਨਹੀਂ ਤਾਂ ਮੈਂ ਤੇਰੇ ਕੋਲ ਆਵਾਂਗਾ ਅਤੇ ਤੇਰੇ ਸ਼ਮਾਦਾਨ ਨੂੰ ਉਹ ਦੇ ਥਾਂ ਤੋਂ ਹਟਾ ਦਿਆਂਗਾ, ਜੇ ਤੈਂ ਤੋਬਾ ਨਾ ਕੀਤੀ।
  • 6 ਪਰ ਤੇਰੇ ਵਿੱਚ ਐੱਨਾ ਤਾਂ ਹੈ ਭਈ ਤੂੰ ਨਿਕੁਲਾਈਆਂ ਦਿਆਂ ਕੰਮਾਂ ਤੋਂ ਸੂਗ ਕਰਦਾ ਹੈਂ ਜਿਨ੍ਹਾਂ ਤੋਂ ਮੈਂ ਵੀ ਸੂਗ ਕਰਦਾ ਹਾਂ।
  • 7 ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਜੀਵਨ ਦੇ ਬਿਰਛ ਵਿੱਚੋਂ ਜੋ ਪਰਮੇਸ਼ੁਰ ਦੇ ਫ਼ਿਰਦੌਸ ਵਿੱਚ ਹੈ ਖਾਣ ਲਈ ਦਿਆਂਗਾ।
  • 8 ਸਮੁਰਨੇ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹੜਾ ਪਹਿਲਾ ਅਤੇ ਪਿਛਲਾ ਹੈ, ਜਿਹੜਾ ਮੁਰਦਾ ਹੋਇਆ ਅਤੇ ਫੇਰ ਜੀ ਪਿਆ, ਉਹ ਇਹ ਆਖਦਾ ਹੈ।
  • 9 ਮੈਂ ਤੇਰੀ ਬਿਪਤਾ ਅਤੇ ਗਰੀਬੀ ਨੂੰ ਜਾਣਦਾ ਹਾਂ ਭਾਵੇਂ ਤੂੰ ਧੰਨਵਾਨ ਹੈਂ ਅਤੇ ਓਹਨਾਂ ਦੇ ਕੁਫ਼ਰ ਨੂੰ ਵੀ ਜਿਹੜੇ ਆਪਣੇ ਆਪ ਨੂੰ ਯਹੂਦੀ ਦੱਸਦੇ ਹਨ ਪਰ ਨਹੀਂ ਹਨ ਸਗੋਂ ਸ਼ਤਾਨ ਦੀ ਮੰਡਲੀ ਹਨ।
  • 10 ਜਿਹੜੇ ਦੁਖ ਤੈਂ ਭੋਗਣੇ ਹਨ ਤੂੰ ਓਹਨਾਂ ਤੋਂ ਨਾ ਡਰੀਂ। ਵੇਖੋ, ਸ਼ਤਾਨ ਤੁਹਾਡੇ ਵਿੱਚੋਂ ਕਈਆਂ ਨੂੰ ਕੈਦ ਵਿੱਚ ਪਾ ਸੁੱਟੇਗਾ ਭਈ ਤੁਸੀਂ ਪਰਤਾਏ ਜਾਓ ਅਤੇ ਤੁਹਾਨੂੰ ਦਸਾਂ ਦਿਨਾਂ ਤੀਕ ਬਿਪਤਾ ਹੋਵੇਗੀ। ਤੂੰ ਮਰਨ ਤੋੜੀ ਵਫ਼ਾਦਾਰ ਰਹੁ ਤਾਂ ਮੈਂ ਤੈਨੂੰ ਜੀਵਨ ਦਾ ਮੁਕਟ ਦਿਆਂਗਾ।
  • 11 ਜਿਹਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਦੂਜੀ ਮੌਤ ਤੋਂ ਉਹ ਦਾ ਕਦੇ ਵਿਗਾੜ ਨਾ ਹੋਵੇਗਾ।
  • 12 ਪਰਗਮੁਮ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਜਿਹ ਦੇ ਕੋਲ ਦੁਧਾਰੀ ਤਿੱਖੀ ਤਲਵਾਰ ਹੈ ਉਹ ਇਹ ਆਖਦਾ ਹੈ,
  • 13 ਮੈਂ ਜਾਣਦਾ ਹਾਂ ਤੂੰ ਉੱਥੇ ਵੱਸਦਾ ਹੈਂ ਜਿੱਥੇ ਸ਼ਤਾਨ ਦੀ ਗੱਦੀ ਹੈ, ਅਤੇ ਤੂੰ ਤਕੜਾਈ ਨਾਲ ਮੇਰਾ ਨਾਮ ਫੜੀ ਰੱਖਦਾ ਹੈਂ ਅਤੇ ਅੰਤਿਪਾਸ ਜੋ ਮੇਰਾ ਗਵਾਹ ਅਤੇ ਮੇਰਾ ਮਾਤਬਰ ਜਨ ਸੀ ਜਿਹੜਾ ਤੁਹਾਡੇ ਵਿੱਚ ਉੱਥੇ ਮਾਰਿਆ ਗਿਆ ਜਿੱਥੇ ਸ਼ਤਾਨ ਵੱਸਦਾ ਹੈ ਉਹ ਦੇ ਦਿਨੀਂ ਵੀ ਤੈਂ ਮੇਰੀ ਨਿਹਚਾ ਤੋਂ ਇਨਕਾਰ ਨਹੀਂ ਕੀਤਾ।
  • 14 ਪਰ ਤਾਂ ਵੀ ਮੈਨੂੰ ਤੇਰੇ ਉੱਤੇ ਥੋੜਾ ਬਹੁਤ ਗਿਲਾ ਹੈ ਭਈ ਉੱਥੇ ਤੇਰੇ ਕੋਲ ਓਹ ਹਨ ਜਿਨ੍ਹਾਂ ਬਿਲਆਮ ਦੀ ਸਿੱਖਿਆ ਧਾਰੀ ਹੈ ਜਿਹ ਨੇ ਬਾਲਾਕ ਨੂੰ ਸਿੱਖਿਆ ਦਿੱਤੀ ਸੀ ਜੋ ਇਸਰਾਏਲ ਦੇ ਵੰਸ ਦੇ ਅੱਗੇ ਠੇਡੇ ਲਾਉਣ ਵਾਲੀ ਵਸਤ ਸੁੱਟ ਦੇਵੇ ਭਈ ਓਹ ਮੂਰਤੀਆਂ ਦੇ ਚੜ੍ਹਾਵੇ ਖਾਣ ਅਤੇ ਹਰਾਮਕਾਰੀ ਕਰਨ।
  • 15 ਇਸੇ ਤਰਾਂ ਤੇਰੇ ਕੋਲ ਓਹ ਵੀ ਹਨ ਜਿਨ੍ਹਾਂ ਨਿਕੁਲਾਈਆਂ ਦੀ ਸਿੱਖਿਆ ਓਵੇਂ ਹੀ ਧਾਰੀ ਹੈ।
  • 16 ਇਸ ਲਈ ਤੋਬਾ ਕਰ ਨਹੀਂ ਤਾਂ ਮੈਂ ਤੇਰੇ ਕੋਲ ਛੇਤੀ ਆਵਾਂਗਾ ਅਤੇ ਓਹਨਾਂ ਨਾਲ ਆਪਣੇ ਮੂੰਹ ਦੀ ਤਲਵਾਰ ਦੇ ਨਾਲ ਲੜਾਂਗਾ।
  • 17 ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ। ਜਿਹੜਾ ਜਿੱਤਣ ਵਾਲਾ ਹੈ ਉਹ ਨੂੰ ਮੈਂ ਗੁਪਤ ਮੰਨ ਵਿੱਚੋਂ ਦਿਆਂਗਾ ਅਤੇ ਮੈਂ ਉਹ ਨੂੰ ਇੱਕ ਚਿੱਟਾ ਪੱਥਰ ਦਿਆਂਗਾ ਅਤੇ ਓਸ ਪੱਥਰ ਉੱਤੇ ਇੱਕ ਨਵਾਂ ਨਾਉਂ ਲਿਖਿਆ ਹੋਇਆ ਹੈ ਜਿਹ ਨੂੰ ਉਹ ਦੇ ਲੈਣ ਵਾਲੇ ਤੋਂ ਛੁੱਟ ਹੋਰ ਕੋਈ ਨਹੀਂ ਜਾਣਦਾ ਹੈ।
  • 18 ਥੂਆਤੀਰੇ ਦੀ ਕਲੀਸਿਯਾ ਦੇ ਦੂਤ ਨੂੰ ਇਉਂ ਲਿਖ ਭਈ ਪਰਮੇਸ਼ੁਰ ਦਾ ਪੁੱਤ੍ਰ ਜਿਹ ਦੀਆਂ ਅੱਖੀਆਂ ਅਗਨੀ ਦੀ ਲਾਟ ਵਰਗੀਆਂ ਹਨ ਅਤੇ ਉਹ ਦੇ ਪੈਰ ਖਾਲਸ ਪਿੱਤਲ ਦੀ ਨਿਆਈਂ ਹਨ ਇਹ ਆਖਦਾ ਹੈ,
  • 19 ਮੈਂ ਤੇਰੇ ਕੰਮਾਂ ਨੂੰ ਅਤੇ ਤੇਰੇ ਪ੍ਰੇਮ, ਨਿਹਚਾ, ਸੇਵਾ ਅਤੇ ਸਬਰ ਨੂੰ ਜਾਣਦਾ ਹਾਂ, ਨਾਲੇ ਇਹ ਭਈ ਤੇਰੇ ਪਿਛਲੇ ਕੰਮ ਪਹਿਲਿਆਂ ਨਾਲੋਂ ਵਧ ਹਨ।
  • 20 ਪਰ ਤਾਂ ਵੀ ਤੇਰੇ ਉੱਤੇ ਮੈਨੂੰ ਇਹ ਗਿਲਾ ਹੈ ਭਈ ਤੂੰ ਓਸ ਤੀਵੀਂ ਈਜ਼ਬਲ ਨੂੰ ਜਿਹੜੀ ਆਪਣੇ ਆਪ ਨੂੰ ਨਬੀਆ ਕਰਕੇ ਦੱਸਦੀ ਹੈ ਝੱਲੀ ਜਾਂਦਾ ਹੈਂ ਅਤੇ ਉਹ ਮੇਰੇ ਦਾਸਾਂ ਨੂੰ ਸਿਖਾਉਂਦੀ ਅਤੇ ਭਰਮਾਉਂਦੀ ਹੈ ਭਈ ਉਹ ਹਰਾਮਕਾਰੀ ਕਰਨ ਅਤੇ ਮੂਰਤੀਆਂ ਦੇ ਚੜ੍ਹਾਵੇ ਖਾਣ।
  • 21 ਅਤੇ ਮੈਂ ਉਹ ਨੂੰ ਵਿਹਲ ਦਿੱਤਾ ਭਈ ਤੋਬਾ ਕਰੇ ਪਰ ਉਹ ਆਪਣੀ ਹਰਾਮਕਾਰੀ ਤੋਂ ਤੋਬਾ ਕਰਨੀ ਨਹੀਂ ਚਾਹੁੰਦੀ ਹੈ।
  • 22 ਵੇਖ, ਮੈਂ ਉਹ ਨੂੰ ਇੱਕ ਵਿਛੌਣੇ ਉੱਤੇ ਸੁੱਟਦਾ ਹਾਂ ਅਤੇ ਉਨ੍ਹਾਂ ਨੂੰ ਜਿਹੜੇ ਉਹ ਦੇ ਨਾਲ ਜ਼ਨਾਹ ਕਰਦੇ ਹਨ ਵੱਡੀ ਬਿਪਤਾ ਵਿੱਚ ਪਾ ਦਿਆਂਗਾ ਜੇ ਓਹਨਾਂ ਉਹ ਦੇ ਕੰਮਾਂ ਤੋਂ ਤੋਬਾ ਨਾ ਕੀਤੀ।
  • 23 ਅਤੇ ਮੈਂ ਉਹ ਦੇ ਬਾਲਕਾਂ ਨੂੰ ਮਾਰ ਸੁੱਟਾਂਗਾ ਅਤੇ ਸਾਰੀਆਂ ਕਲੀਸਿਯਾਂ ਜਾਣ ਲੈਣਗੀਆਂ ਜੋ ਗੁਰਦਿਆਂ ਅਤੇ ਹਿਰਦਿਆਂ ਦਾ ਜਾਚਣ ਵਾਲਾ ਮੈਂ ਹੀ ਹਾਂ, ਅਤੇ ਮੈਂ ਤੁਹਾਡੇ ਵਿੱਚੋਂ ਹਰੇਕ ਨੂੰ ਤੁਹਾਡੀਆਂ ਕਰਨੀਆਂ ਦੇ ਅਨੁਸਾਰ ਫਲ ਦਿਆਂਗਾ।
  • 24 ਮੈਂ ਤੁਹਾਨੂੰ ਅਰਥਾਤ ਥੂਆਤੀਰੇ ਵਿੱਚ ਦੇ ਹੋਰਨਾਂ ਲੋਕਾਂ ਨੂੰ ਜਿੰਨਿਆਂ ਕੋਲ ਇਹ ਸਿੱਖਿਆ ਨਹੀਂ ਹੈ ਅਤੇ ਜਿਹੜੇ ਓਹਨਾਂ ਗੱਲਾਂ ਤੋਂ ਮਹਿਰਮ ਨਹੀਂ ਜਿਹੜੀਆਂ ਸ਼ਤਾਨ ਦੀਆਂ ਡੂੰਘੀਆਂ ਗੱਲਾਂ ਕਹਾਉਂਦੀਆਂ ਹਨ ਇਹ ਕਹਿੰਦਾ ਹਾਂ ਭਈ ਮੈਂ ਤੁਹਾਡੇ ਉੱਤੇ ਹੋਰ ਭਾਰ ਨਹੀਂ ਪਾਉਂਦਾ।
  • 25 ਤਾਂ ਵੀ ਜੋ ਕੁਝ ਤੁਹਾਡੇ ਕੋਲ ਹੈ ਮੇਰੇ ਆਉਣ ਤੀਕ ਓਸ ਨੂੰ ਤਕੜਾਈ ਨਾਲ ਫੜੀ ਰੱਖੋ।
  • 26 ਜਿਹੜਾ ਜਿੱਤਣ ਵਾਲਾ ਹੈ ਅਤੇ ਜਿਹੜਾ ਅੰਤ ਤੋੜੀ ਮੇਰਿਆਂ ਕੰਮਾਂ ਦੀ ਪਾਲਨਾ ਕਰਦਾ ਹੈ ਉਹ ਨੂੰ ਮੈਂ ਕੌਮਾਂ ਉੱਤੇ ਇਖ਼ਤਿਆਰ ਦਿਆਂਗਾ।
  • 27 ਅਤੇ ਉਹ ਲੋਹੇ ਦੇ ਡੰਡੇ ਨਾਲ ਓਹਨਾਂ ਉੱਤੇ ਹਕੂਮਤ ਕਰੇਗਾ ਜਿਵੇਂ ਘੁਮਿਆਰ ਦੇ ਭਾਂਡਿਆਂ ਨੂੰ ਚਿਣੀ ਚਿਣੀ ਕਰ ਦੇਈਦਾ ਹੈ ਜਿਸ ਪਰਕਾਰ ਮੈਂ ਵੀ ਆਪਣੇ ਪਿਤਾ ਕੋਲੋਂ ਪਾਇਆ ਹੈ।
  • 28 ਅਤੇ ਮੈਂ ਉਹ ਨੂੰ ਸਵੇਰ ਦਾ ਤਾਰਾ ਦਿਆਂਗਾ।
  • 29 ਅਤੇ ਜਿਹ ਦੇ ਕੰਨ ਹਨ ਸੋ ਸੁਣੇ ਭਈ ਆਤਮਾ ਕਲੀਸਿਯਾਂ ਨੂੰ ਕੀ ਆਖਦਾ ਹੈ।