- 1 ਮੈਂ ਇੱਕ ਦੂਤ ਨੂੰ ਅਥਾਹ ਕੁੰਡ ਦੀ ਕੁੰਜੀ ਅਤੇ ਇੱਕ ਵੱਡਾ ਸੰਗਲ ਆਪਣੇ ਹੱਥ ਵਿੱਚ ਲਈ ਅਕਾਸ਼ੋਂ ਉਤਰਦੇ ਵੇਖਿਆ।
- 2 ਅਤੇ ਉਹ ਨੇ ਅਜਗਰ ਨੂੰ ਅਰਥਾਤ ਓਸ ਪੁਰਾਣੇ ਸੱਪ ਨੂੰ ਜਿਹੜਾ ਇਬਲੀਸ ਅਤੇ ਸ਼ਤਾਨ ਹੈ ਫੜਿਆ ਅਤੇ ਹਜ਼ਾਰ ਵਰ੍ਹੇ ਤੀਕ ਉਹ ਨੂੰ ਜਕੜ ਰੱਖਿਆ।
- 3 ਅਤੇ ਉਹ ਨੂੰ ਅਥਾਹ ਕੁੰਡ ਵਿੱਚ ਸੁੱਟ ਦਿੱਤਾ ਅਤੇ ਇਹ ਨੂੰ ਮੁੰਦ ਕੇ ਉਹ ਦੇ ਉੱਤੇ ਮੋਹਰ ਲਾਈ ਭਈ ਉਹ ਕੌਮਾਂ ਨੂੰ ਫੇਰ ਨਾ ਭਰਮਾਵੇ ਜਿੰਨਾ ਚਿਰ ਹਜ਼ਾਰ ਵਰ੍ਹਾ ਪੂਰਾ ਨਾ ਹੋ ਲਵੇ। ਇਹ ਦੇ ਮਗਰੋਂ ਜ਼ਰੂਰ ਹੈ ਭਈ ਉਹ ਥੋੜੇ ਚਿਰ ਲਈ ਛੱਡਿਆ ਜਾਵੇ।
- 4 ਮੈਂ ਗੱਦੀਆਂ ਵੇਖੀਆਂ ਅਤੇ ਓਹ ਉਨ੍ਹਾਂ ਉੱਤੇ ਬੈਠੇ ਹੋਏ ਸਨ ਅਤੇ ਨਿਆਉਂ ਕਰਨ ਦਾ ਓਹਨਾਂ ਨੂੰ ਇਖ਼ਤਿਆਰ ਦਿੱਤਾ ਗਿਆ ਅਤੇ ਮੈਂ ਓਹਨਾਂ ਦੇ ਜੀਵਾਂ ਨੂੰ ਵੇਖਿਆ ਜਿਨ੍ਹਾਂ ਦੇ ਸਿਰ ਯਿਸੂ ਦੀ ਗਵਾਹੀ ਦੇ ਕਾਰਨ ਅਤੇ ਪਰਮੇਸ਼ੁਰ ਦੇ ਬਚਨ ਦੇ ਕਾਰਨ ਵੱਢੇ ਗਏ ਸਨ ਜਿਨ੍ਹਾਂ ਓਸ ਦਰਿੰਦੇ ਦੀ ਯਾ ਉਹ ਦੀ ਮੂਰਤੀ ਦੀ ਪੂਜਾ ਨਹੀਂ ਕੀਤੀ ਸੀ ਅਤੇ ਉਹ ਦਾਗ ਆਪਣੇ ਮੱਥੇ ਅਤੇ ਆਪਣੇ ਹੱਥ ਉੱਤੇ ਨਹੀਂ ਲੁਆਇਆ ਸੀ। ਓਹ ਜੀ ਉੱਠੇ ਅਤੇ ਹਜ਼ਾਰ ਵਰ੍ਹੇ ਮਸੀਹ ਦੇ ਨਾਲ ਰਾਜ ਕਰਦੇ ਰਹੇ।
- 5 ਬਾਕੀ ਦੇ ਮੁਰਦੇ ਹਜ਼ਾਰ ਵਰ੍ਹੇ ਦੇ ਪੂਰੇ ਹੋਣ ਤੀਕ ਜੀ ਨਾ ਉੱਠੇ। ਇਹ ਪਹਿਲੀ ਕਿਆਮਤ ਹੈ।
- 6 ਧੰਨ ਅਤੇ ਪਵਿੱਤਰ ਉਹ ਜਿਹੜਾ ਪਹਿਲੀ ਕਿਆਮਤ ਵਿੱਚ ਸ਼ਾਮਿਲ ਹੈ ! ਏਹਨਾਂ ਉੱਤੇ ਦੂਈ ਮੌਤ ਦਾ ਕੁਝ ਵੱਸ ਨਹੀਂ ਸਗੋਂ ਓਹ ਪਰਮੇਸ਼ੁਰ ਅਤੇ ਮਸੀਹ ਦੇ ਜਾਜਕ ਹੋਣਗੇ ਅਤੇ ਉਹ ਦੇ ਨਾਲ ਹਜ਼ਾਰ ਵਰ੍ਹੇ ਰਾਜ ਕਰਨਗੇ।
- 7 ਜਦ ਉਹ ਹਜ਼ਾਰ ਵਰ੍ਹਾ ਪੂਰਾ ਹੋ ਗਿਆ ਤਾਂ ਸ਼ਤਾਨ ਆਪਣੀ ਕੈਦ ਤੋਂ ਛੱਡਿਆ ਜਾਵੇਗਾ।
- 8 ਅਤੇ ਓਹਨਾਂ ਕੌਮਾਂ ਨੂੰ ਜਿਹੜੀਆਂ ਧਰਤੀ ਦੀਆਂ ਚੌਹਾਂ ਕੂੰਟਾਂ ਵਿੱਚ ਹਨ ਅਰਥਾਤ ਗੋਗ ਅਤੇ ਮਗੋਗ ਨੂੰ ਭਰਮਾਉਣ ਲਈ ਨਿੱਕਲੇਗਾ ਭਈ ਓਹਨਾਂ ਨੂੰ ਜੁੱਧ ਲਈ ਇਕੱਠਿਆਂ ਕਰੇ। ਓਹਨਾਂ ਦੀ ਗਿਣਤੀ ਸਮੁੰਦਰ ਦੀ ਰੇਤ ਜਿੰਨੀ ਹੈ।
- 9 ਓਹ ਸਾਰੀ ਧਰਤੀ ਉੱਤੇ ਚੜ੍ਹ ਪਏ ਅਤੇ ਸੰਤਾਂ ਦੇ ਡੇਰੇ ਅਤੇ ਪਿਆਰੀ ਨਗਰੀ ਨੂੰ ਘੇਰਾ ਪਾ ਲਿਆ ਅਤੇ ਅਕਾਸ਼ ਉੱਤੋਂ ਅੱਗ ਉਤਰੀ ਅਤੇ ਓਹਨਾਂ ਨੂੰ ਚੱਟ ਕਰ ਗਈ !
- 10 ਅਤੇ ਸ਼ਤਾਨ ਜਿਹ ਨੇ ਓਹਨਾਂ ਨੂੰ ਭਰਮਾਇਆ ਸੀ ਅੱਗ ਅਤੇ ਗੰਧਕ ਦੀ ਝੀਲ ਵਿੱਚ ਸੁੱਟਿਆ ਗਿਆ ਜਿੱਥੇ ਉਹ ਦਰਿੰਦਾ ਅਤੇ ਝੂਠਾ ਨਬੀ ਹੈ ਅਤੇ ਰਾਤ ਦਿਨ ਓਹ ਜੁੱਗੋ ਜੁੱਗ ਕਸ਼ਟ ਭੋਗਣਗੇ।
- 11 ਫੇਰ ਮੈਂ ਇੱਕ ਵੱਡਾ ਅਤੇ ਚਿੱਟਾ ਸਿੰਘਾਸਣ ਅਤੇ ਉਹ ਨੂੰ ਜਿਹੜਾ ਓਸ ਉੱਤੇ ਬਿਰਾਜਮਾਨ ਸੀ ਵੇਖਿਆ ਜਿਹ ਦੇ ਸਾਹਮਣਿਓਂ ਧਰਤੀ ਅਤੇ ਅਕਾਸ਼ ਨੱਸ ਗਏ ਅਤੇ ਓਹਨਾਂ ਦੇ ਲਈ ਕੋਈ ਥਾਂ ਨਾ ਮਿਲਿਆ।
- 12 ਅਤੇ ਮੈਂ ਮੁਰਦਿਆਂ ਨੂੰ ਕੀ ਵੱਡੇ ਕੀ ਛੋਟੇ ਸਿੰਘਾਸਣ ਦੇ ਅੱਗੇ ਖਲੋਤਿਆਂ ਵੇਖਿਆ, ਅਤੇ ਪੋਥੀਆਂ ਖੋਲ੍ਹੀਆਂ ਗਈਆਂ ਅਤੇ ਇੱਕ ਹੋਰ ਪੋਥੀ ਜਿਹੜੀ ਜੀਵਨ ਦੀ ਪੋਥੀ ਹੈ ਖੋਲ੍ਹੀ ਗਈ ਅਤੇ ਮੁਰਦਿਆਂ ਦਾ ਨਿਆਉਂ ਪੋਥੀਆਂ ਵਿੱਚ ਲਿਖੀਆਂ ਹੋਇਆਂ ਗੱਲਾਂ ਤੋਂ ਉਨ੍ਹਾਂ ਦੀਆਂ ਕਰਨੀਆਂ ਦੇ ਅਨੁਸਾਰ ਕੀਤਾ ਗਿਆ।
- 13 ਅਤੇ ਸਮੁੰਦਰ ਨੇ ਓਹ ਮੁਰਦੇ ਜਿਹੜੇ ਉਹ ਦੇ ਵਿੱਚ ਸਨ ਮੋੜ ਦਿੱਤੇ ਅਤੇ ਕਾਲ ਅਤੇ ਪਤਾਲ ਨੇ ਓਹ ਮੁਰਦੇ ਜਿਹੜੇ ਓਹਨਾਂ ਵਿੱਚ ਸਨ ਮੋੜ ਦਿੱਤੇ, ਅਤੇ ਹਰੇਕ ਦਾ ਨਿਆਉਂ ਉਹ ਦੀਆਂ ਕਰਨੀ ਆਂ ਦੇ ਅਨੁਸਾਰ ਕੀਤਾ ਗਿਆ।
- 14 ਤਾਂ ਕਾਲ ਅਤੇ ਪਤਾਲ ਅੱਗ ਦੀ ਝੀਲ ਵਿੱਚ ਸੁੱਟੇ ਗਏ। ਇਹ ਦੂਈ ਮੌਤ ਹੈ ਅਰਥਾਤ ਅੱਗ ਦੀ ਝੀਲ।
- 15 ਅਤੇ ਜੇ ਕੋਈ ਜੀਵਨ ਦੀ ਪੋਥੀ ਵਿੱਚ ਲਿਖਿਆ ਹੋਇਆ ਨਾ ਲੱਭਾ ਤਾਂ ਉਹ ਅੱਗ ਦੀ ਝੀਲ ਵਿੱਚ ਸੁੱਟਿਆ ਗਿਆ।
ਪਰਕਾਸ਼ ਦੀ ਪੋਥੀ :: ਕਾਂਡ 20
- Parent Category: Punjabi Bible
- Details
- Parent Category: New Testament
- Category: Revelation
ਪਰਕਾਸ਼ ਦੀ ਪੋਥੀ ਕਾਂਡ 20