wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਅਸਤਸਨਾਕਾਂਡ 5
  • 1 ਮੂਸਾ ਨੇ ਇਸਰਾਏਲ ਦੇ ਸਮੂਹ ਲੋਕਾਂ ਨੂੰ ਇਕਠਿਆਂ ਕੀਤਾ ਅਤੇ ਉਨ੍ਹਾਂ ਨੂੰ ਆਖਿਆ, “ਇਸਰਾਏਲ ਦੇ ਲੋਕੋ, ਉਨ੍ਹਾਂ ਕਾਨੂੰਨਾਂ ਅਤੇ ਬਿਧੀਆਂ ਨੂੰ ਸੁਣੋ ਜਿਹੜੇ ਮੈਂ ਅੱਜ ਤੁਹਾਨੂੰ ਦੱਸਦਾ ਹਾਂ। ਇਨ੍ਹਾਂ ਨੇਮਾਂ ਨੂੰ ਜਾਣ ਲਵੋ ਅਤੇ ਇਨ੍ਹਾਂ ਨੂੰ ਮੰਨਣ ਲਈ ਦ੍ਰਿਢ਼ ਹੋਵੋ।
  • 2 ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਡੇ ਨਾਲ ਹੇਰੋਬ ਪਰਬਤ ਉੱਤੇ ਇੱਕ ਇਕਰਾਰਨਾਮਾ ਕੀਤਾ ਸੀ।
  • 3 ਯਹੋਵਾਹ ਨੇ ਇਹ ਇਕਰਾਰਨਾਮਾ ਸਾਡੇ ਪੁਰਖਿਆਂ ਨਾਲ ਨਹੀਂ ਸਗੋਂ ਸਾਡੇ ਸਾਰਿਆਂ ਨਾਲ ਕੀਤਾ ਸੀ - ਜਿਹੜੇ ਅੱਜ ਇੱਥੇ ਜਿਉਂਦੇ ਹਾਂ।
  • 4 ਯਹੋਵਾਹ ਨੇ ਉਸ ਪਰਬਤ ਉੱਤੇ ਤੁਹਾਡੇ ਨਾਲ ਸਨਮੁਖ ਹੋਕੇ ਗੱਲ ਕੀਤੀ। ਉਸਨੇ ਤੁਹਾਡੇ ਨਾਲ ਅੱਗ ਵਿੱਚੋਂ ਗੱਲ ਕੀਤੀ ਸੀ।
  • 5 ਪਰ ਤੁਸੀਂ ਅੱਗ ਤੋਂ ਭੈਭੀਤ ਸੀ। ਅਤੇ ਤੁਸੀਂ ਪਰਬਤ ਉੱਤੇ ਨਹੀਂ ਗਏ। ਇਸ ਲਈ ਮੈਂ ਯਹੋਵਾਹ ਅਤੇ ਤੁਹਾਡੇ ਦਰਮਿਆਨ ਖਲੋਤਾ ਸਾਂ ਤੁਹਾਨੂੰ ਇਹ ਗੱਲਾਂ ਦੱਸਣ ਲਈ ਕਿ ਯਹੋਵਾਹ ਨੇ ਕੀ ਆਖਿਆ।
  • 6 ‘ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ ਹਾਂ। ਮੈਂ ਤੁਹਾਨੂੰ ਮਿਸਰ ਵਿੱਚੋਂ ਬਾਹਰ ਲਿਆਂਦਾ ਜਿਥੇ ਤੁਸੀਂ ਗੁਲਾਮ ਸੀ।
  • 7 ‘ਤੁਹਾਡੇ ਕੋਲ ਮੇਰੇ ਤੋਂ ਇਲਾਵਾ ਹੋਰ ਕੋਈ ਦੇਵਤੇ ਨਹੀਂ ਹੋਣੇ ਚਾਹੀਦੇ।
  • 8 ‘ਤੁਹਾਨੂੰ ਕੋਈ ਵੀ ਬੁੱਤ ਨਹੀਂ ਬਨਾਉਣੇ ਚਾਹੀਦੇ। ਅਕਾਸ਼ ਵਿਚਲੀ ਕਿਸੇ ਵੀਜ਼ ਜਾਂ ਧਰਤੀ ਉੱਪਰਲੀ ਕਿਸੇ ਚੀਜ਼ ਜਾਂ ਪਾਣੀ ਹੇਠਲੀ ਕਿਸੇ ਚੀਜ਼ ਦੀਆਂ ਤਸਵੀਰਾਂ ਜਾਂ ਬੁੱਤ ਨਾ ਬਣਾਉ।
  • 9 ਕਿਸੇ ਵੀ ਬੁੱਤ ਦੀ ਉਪਾਸਨਾ ਨਾ ਕਰੋ। ਕਿਉਂਕਿ ਮੈਂ ਯਹੋਵਾਹ, ਤੁਹਾਡਾ ਪਰਮੇਸ਼ੁਰ, ਹਾਂ ਅਤੇ ਮੈਂ ਆਪਣੇ ਲੋਕਾਂ ਨੂੰ ਹੋਰਨਾਂ ਦੇਵਤਿਆਂ ਦੀ ਉਪਾਸਨਾ ਕਰਦਿਆਂ ਦੇਖਕੇ ਨਫ਼ਰਤ ਕਰਦਾ ਹਾਂ। ਜਿਹੜੇ ਲੋਕ ਮੇਰੇ ਵਿਰੁੱਧ ਪਾਪ ਕਰਦੇ ਹਨ ਮੇਰੇ ਦੁਸ਼ਮਣ ਬਣ ਜਾਂਦੇ ਹਨ ਅਤੇ ਮੈਂ ਉਨ੍ਹਾਂ ਨੂੰ, ਉਨ੍ਹਾਂ ਦੇ ਬੱਚਿਆਂ ਨੂੰ, ਉਨ੍ਹਾਂ ਦੇ ਪੋਤਿਆਂ ਨੂੰ ਅਤੇ ਉਨ੍ਹਾਂ ਦੇ ਪੜਪੋਤਿਆਂ ਨੂੰ ਵੀ ਸਜ਼ਾ ਦਿਆਂਗਾ।
  • 10 ਪਰ ਮੈਂ ਉਨ੍ਹਾਂ ਲੋਕਾਂ ਉੱਤੇ ਬਹੁਤ ਮਿਹਰਬਾਨ ਹੋਵਾਂਗਾ ਜਿਹੜੇ ਮੈਨੂੰ ਪਿਆਰ ਕਰਦੇ ਹਨ ਅਤੇ ਮੇਰੇ ਆਦੇਸ਼ਾਂ ਨੂੰ ਮੰਨਦੇ ਹਨ। ਮੈਂ ਉਨ੍ਹਾਂ ਦੇ ਪਰਿਵਾਰਾਂ ਲਈ ਹਜ਼ਾਰਾਂ ਪੀੜੀਆਂ ਤੀਕ ਮਿਹਰਬਾਨ ਹੋਵਾਂਗਾ।
  • 11 ‘ਤੁਸੀਂ ਕਦੇ ਵੀ ਚੰਗੇ ਕਾਰਣ ਤੋਂ ਬਿਨਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਨਾਮ ਨੂੰ ਨਹੀਂ ਪੁਕਾਰੋਗੇ। ਜੇਕਰ ਕੋਈ ਵਿਅਕਤੀ ਬਿਨਾ ਕਾਰਣੋ ਯਹੋਵਾਹ ਦਾ ਨਾਮ ਪੁਕਾਰਦਾ ਹੈ, ਤਾਂ ਉਹ ਵਿਅਕਤੀ ਦੋਸ਼ੀ ਹੈ ਅਤੇ ਯਹੋਵਾਹ ਉਸ ਵਿਅਕਤੀ ਨੂੰ ਬੇਗੁਨਾਹ ਨਹੀਂ ਬਣਾਵੇਗਾ।
  • 12 ‘ਤੁਸੀਂ ਸਬਤ ਨੂੰ ਉਸੇ ਤਰ੍ਹਾਂ ਖਾਸ ਦਿਨ ਵਜੋਂ ਰੱਖੋਂਗੇ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਆਦੇਸ਼ ਦਿੱਤਾ ਸੀ।
  • 13 ਆਪਣੇ ਕੰਮ ਉੱਤੇ ਹਫ਼ਤੇ ਵਿੱਚ ਛੇ ਦਿਨ ਕੰਮ ਕਰੋ।
  • 14 ਪਰ ਸੱਤਵਾਂ ਦਿਨ ਯਹੋਵਾਹ ਤੁਹਾਡੇ ਪਰਮੇਸ਼ੁਰ ਦੇ ਸਨ੍ਨ ਮਾਣ ਵਜੋਂ ਆਰਾਮ ਦਾ ਦਿਨ ਹੈ। ਇਸ ਲਈ ਉਸ ਦਿਨ, ਕੋਈ ਵੀ ਕੰਮ ਨਹੀਂ ਕਰੇਗਾ - ਨਾ ਤੁਸੀਂ ਨਾ ਤੁਹਾਡੇ ਪੁੱਤਰ, ਧੀਆਂ, ਤੁਹਾਡੇ ਸ਼ਹਿਰਾਂ ਵਿੱਚ ਰਹਿਣ ਵਾਲੇ ਵਿਦੇਸ਼ੀ ਅਤੇ ਨਾ ਹੀ ਤੁਹਾਡੇ ਗੁਲਾਮ। ਤੁਹਾਡੀਆਂ ਗਾਵਾਂ, ਖੋਤੇ ਅਤੇ ਹੋਰ ਜਾਨਵਰ ਵੀ ਕੋਈ ਕੰਮ ਨਹੀਂ ਕਰਨਗੇ! ਤੁਹਾਡੇ ਗੁਲਾਮਾਂ ਨੂੰ ਵੀ, ਤੁਹਾਡੇ ਵਾਂਗ ਆਰਾਮ ਕਰਨ ਦਾ ਸਮਾਂ ਮਿਲਣਾ ਚਾਹੀਦਾ ਹੈ।
  • 15 ਇਹ ਨਾ ਭੁੱਲੋ ਕਿ ਮਿਸਰ ਦੀ ਧਰਤੀ ਉੱਤੇ ਤੁਸੀਂ ਵੀ ਗੁਲਾਮ ਸੀ। ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਆਪਣੀ ਮਹਾਨ ਸ਼ਕਤੀ ਨਾਲ ਮਿਸਰ ਵਿੱਚੋਂ ਬਾਹਰ ਲਿਆਇਆ। ਉਸਨੇ ਤੁਹਾਨੂੰ ਅਜ਼ਾਦ ਕਰਵਾਇਆ। ਇਸ ਲਈ, ਯਹੋਵਾਹ, ਤੁਹਾਡੇ ਪਰਮੇਸ਼ੁਰ, ਤੁਹਾਨੂੰ ਹੁਕਮ ਦਿੰਦਾ ਹੈ ਕਿ ਸਬਤ ਨੂੰ ਖਾਸ ਦਿਹਾੜੇ ਵਜੋਂ ਮੰਨੋ।
  • 16 ‘ਤੁਹਾਨੂੰ ਆਪਣੇ ਪਿਤਾ ਅਤੇ ਮਾਤਾ ਦਾ ਆਦਰ ਕਰਨਾ ਚਾਹੀਦਾ ਹੈ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ ਨੇ ਤੁਹਾਨੂੰ ਹੁਕਮ ਦਿੱਤਾ ਹੈ। ਜੇ ਤੁਸੀਂ ਉਸਦੇ ਹੁਕਮਾਂ ਨੂੰ ਮੰਨੋਗੇ, ਤੁਸੀਂ ਇੱਕ ਲੰਮਾ ਜੀਵਨ ਬਿਤਾਉਂਗੇ ਅਤੇ ਇਸ ਧਰਤੀ ਉਤੇ ਹਮੇਸ਼ਾ ਤੁਹਾਡੇ ਲਈ ਚੰਗੀਆਂ ਚੀਜ਼ਾਂ ਹੋਣਗੀਆਂ, ਜੋ ਕਿ ਯਹੋਵਾਹ, ਤੁਹਾਡਾ ਪਰਮੇਸ਼ੁਰ, ਤੁਹਾਨੂੰ ਦੇਵੇਗਾ।
  • 17 ‘ਤੁਸੀਂ ਕਿਸੇ ਦਾ ਖੂਨ ਨਹੀਂ ਕਰੋਂਗੇ।
  • 18 ‘ਤੁਸੀਂ ਜਿਨਸੀ ਪਾਪ ਨਹੀਂ ਕਰੋਂਗੇ।
  • 19 ‘ਤੁਸੀਂ ਕੋਈ ਚੋਰੀ ਨਹੀਂ ਕਰੋਂਗੇ।
  • 20 ‘ਤੁਸੀਂ ਹੋਰਨਾਂ ਲੋਕਾਂ ਬਾਰੇ ਝੂਠ ਨਹੀਂ ਬੋਲੋਂਗੇ।
  • 21 ‘ਤੁਸੀਂ ਕਿਸੇ ਗੈਰ ਆਦਮੀ ਦੀ ਪਤਨੀ ਦੀ ਕਾਮਨਾ ਨਹੀਂ ਕਰੋਂਗੇ। ਤੁਸੀਂ ਉਸਦੇ ਮਕਾਨਾਂ, ਉਸਦੇ ਖੇਤਾਂ, ਉਸਦੇ ਨੌਕਰ, ਨੌਕਰਾਣੀਆਂ, ਉਸ ਦੀਆਂ ਗਾਵਾਂ ਜਾਂ ਉਸਦੇ ਖੋਤਿਆਂ ਦੀ ਇਛਾ ਨਹੀਂ ਕਰੋਂਗੇ। ਤੁਸੀਂ ਕਿਸੇ ਹੋਰ ਦੀ ਕਿਸੇ ਵੀ ਚੀਜ਼ ਦੀ ਇਛਾ ਨਹੀਂ ਕਰੋਂਗੇ!’”
  • 22 ਯਹੋਵਾਹ ਨੇ ਇਹ ਹੁਕਮ ਤੁਹਾਨੂੰ ਸਾਰਿਆਂ ਨੂੰ ਉਦੋਂ ਦਿੱਤੇ ਜਦੋਂ ਤੁਸੀਂ ਪਰਬਤ ਉੱਤੇ ਇਕਠੇ ਹੋਏ ਸੀ। ਯਹੋਵਾਹ ਨੇ ਬਿਨਾ ਰੁਕਿਆਂ ਅੱਗ, ਬੱਦਲ ਅਤੇ ਗਹਿਰੀ ਧੁੰਦ ਵਿੱਚੋਂ ਉੱਚੀ ਅਵਾਜ਼ ਵਿੱਚ ਗੱਲ ਕੀਤੀ ਸੀ। ਫ਼ੇਰ ਉਸਨੇ ਆਪਣੇ ਸ਼ਬਦਾਂ ਨੂੰ ਦੋ ਪੱਥਰ ਦੀਆਂ ਸ਼ਿਲਾਵਾਂ ਉੱਤੇ ਲਿਖਕੇ ਉਹ ਮੈਨੂੰ ਦੇ ਦਿੱਤੀਆਂ।
  • 23 “ਜਦੋਂ ਪਰਬਤ ਅੱਗ ਨਾਲ ਬਲ ਰਿਹਾ ਸੀ, ਤੁਸੀਂ ਹਨੇਰੇ ਵਿੱਚੋਂ ਆਉਂਦੀ ਅਵਾਜ਼ ਸੁਣੀ। ਫ਼ੇਰ ਸਾਰੇ ਬਜ਼ੁਰਗ ਅਤੇ ਤੁਹਾਡੇ ਪਰਿਵਾਰ-ਸਮੂਹਾਂ ਦੇ ਹੋਰ ਆਗੂ ਮੇਰੇ ਕੋਲ ਆਏ।
  • 24 ਉਨ੍ਹਾਂ ਆਖਿਆ, ‘ਯਹੋਵਾਹ ਸਾਡੇ ਪਰਮੇਸ਼ੁਰ ਨੇ ਸਾਨੂੰ ਆਪਣੀ ਮਹਾਨਤਾ ਅਤੇ ਪਰਤਾਪ ਵਿਖਾਇਆ ਹੈ। ਅਸੀਂ ਉਸਨੂੰ ਅਗਨੀ ਵਿੱਚੋਂ ਬੋਲਦਿਆਂ ਸੁਣਿਆ ਹੈ! ਅੱਜ, ਅਸੀਂ ਦੇਖ ਲਿਆ ਹੈ ਕਿ ਕਿਸੇ ਵਾਸਤੇ ਪਰਮੇਸ਼ੁਰ ਦੇ ਉਸ ਨਾਲ ਗੱਲ ਕਰਨ ਤੋਂ ਮਗਰੋਂ ਵੀ ਜਿਉਂਦੇ ਰਹਿ ਸਕਣ ਸੰਭਵ ਹੈ।
  • 25 ਪਰ ਜੇ ਅਸੀਂ ਯਹੋਵਾਹ, ਆਪਣੇ ਪਰਮੇਸ਼ੁਰ, ਨੂੰ ਇੱਕ ਵਾਰੀ ਫ਼ੇਰ ਗੱਲ ਕਰਦਿਆਂ ਸੁਣਿਆ ਤਾਂ ਅਸੀਂ ਜ਼ਰੂਰ ਮਾਰੇ ਜਾਵਾਂਗੇ! ਉਹ ਭਿਆਨਕ ਅੱਗ ਸਾਨੂੰ ਸਾੜ ਸੁੱਟੇਗੀ! ਅਸੀਂ ਮਰਨਾ ਨਹੀਂ ਚਾਹੁੰਦੇ!
  • 26 ਕਿਸੇ ਬੰਦੇ ਨੇ ਵੀ ਕਦੇ ਜਿਉਂਦੇ ਜਾਗਦੇ ਪਰਮੇਸ਼ੁਰ ਨੂੰ ਅਗਨੀ ਵਿੱਚੋਂ ਬੋਲਦਿਆਂ ਨਹੀਂ ਸੁਣਿਆ ਹੋਵੇਗਾ ਅਤੇ ਫ਼ੇਰ ਜੀਵਿਤ ਬਚਿਆ ਹੋਵੇਗਾ ਜਿਵੇਂ ਅਸੀਂ ਸੁਣਿਆ ਹੈ।
  • 27 ਮੂਸਾ, ਤੁਸੀਂ ਨੇੜੇ ਜਾਓ ਅਤੇ ਉਹ ਸਾਰੀਆਂ ਗੱਲਾਂ ਸੁਣੋ ਜਿਹੜੀਆਂ ਯਹੋਵਾਹ, ਸਾਡਾ ਪਰਮੇਸ਼ੁਰ, ਆਖਦਾ ਹੈ। ਫ਼ੇਰ ਸਾਨੂੰ ਉਹ ਸਾਰੀਆਂ ਗੱਲਾਂ ਦੱਸਣਾ ਜਿਹੜੀਆਂ ਯਹੋਵਾਹ ਤੁਹਾਨੂੰ ਦੱਸੇ। ਅਸੀਂ ਤੁਹਾਡੀ ਗੱਲ ਸੁਣਾਂਗੇ, ਅਤੇ ਅਸੀਂ ਹਰ ਗੱਲ ਉਸੇ ਤਰ੍ਹਾਂ ਕਰਾਂਗੇ ਜਿਵੇਂ ਤੁਸੀਂ ਆਖੋਂਗੇ।’
  • 28 “ਯਹੋਵਾਹ ਨੇ ਤੁਹਾਡੇ ਸ਼ਬਦ ਸੁਣੇ ਜਦੋਂ ਤੁਸੀਂ ਮੇਰੇ ਨਾਲ ਬੋਲੇ ਸੀ। ਫ਼ੇਰ ਯਹੋਵਾਹ ਨੇ ਮੈਨੂੰ ਆਖਿਆ, “ਮੈਂ ਸੁਣ ਲਿਆ ਹੈ ਕਿ ਲੋਕਾਂ ਨੇ ਕੀ ਆਖਿਆ ਹੈ ਅਤੇ ਜੋ ਕੁਝ ਉਨ੍ਹਾਂ ਆਖਿਆ ਚੰਗਾ ਹੈ।
  • 29 ਮੈਂ ਸਿਰਫ਼ ਉਨ੍ਹਾਂ ਦੇ ਸੋਚਣ ਦੇ ਢੰਗ ਨੂੰ ਬਦਲਣਾ ਚਾਹੁੰਦਾ ਸਾਂ। ਮੈਂ ਚਾਹੁੰਦਾ ਸਾਂ ਕਿ ਉਹ ਮੇਰੀ ਇੱਜ਼ਤ ਕਰਨ ਅਤੇ ਪੂਰੇ ਦਿਲੋਂ ਮੇਰੇ ਸਾਰੇ ਹੁਕਮਾਂ ਦੀ ਪਾਲਣਾ ਕਰਨ! ਫ਼ੇਰ ਉਹ ਅਤੇ ਉਨ੍ਹਾਂ ਦੇ ਉੱਤਰਾਧਿਕਾਰੀ ਹਮੇਸ਼ਾ ਲਈ ਅਸੀਸਮਈ ਹੋਣਗੇ।
  • 30 “‘ਜਾਉ ਲੋਕਾਂ ਨੂੰ ਆਖੋ ਕਿ ਆਪਣੇ ਤੰਬੂਆਂ ਵਿੱਚ ਵਾਪਸ ਚਲੇ ਜਾਣ।
  • 31 ਪਰ ਤੂੰ, ਮੂਸਾ, ਇੱਥੇ ਮੇਰੇ ਨਜ਼ਦੀਕ ਖੜਾ ਹੋ ਜਾ। ਮੈਂ ਤੈਨੂੰ ਉਹ ਸਾਰੇ ਹੀ ਹੁਕਮ, ਕਾਨੂੰਨ ਅਤੇ ਬਿਧੀਆਂ ਦੱਸਾਂਗਾ ਜਿਨ੍ਹਾਂ ਦੀ ਤੂੰ ਉਨ੍ਹਾਂ ਨੂੰ ਸਿਖਿਆ ਦੇਵਾਂਗਾ। ਉਨ੍ਹਾਂ ਨੂੰ ਇਹ ਸਾਰੀਆਂ ਗੱਲਾਂ ਉਸ ਧਰਤੀ ਉੱਤੇ ਜਾਕੇ ਕਰਨੀਆਂ ਚਾਹੀਦੀਆਂ ਹਨ ਜਿਹੜੀ ਮੈਂ ਉਨ੍ਹਾਂ ਨੂੰ ਰਹਿਣ ਵਾਸਤੇ ਦੇ ਰਿਹਾ ਹਾਂ।’
  • 32 “ਇਸ ਲਈ, ਤੁਹਾਨੂੰ ਲੋਕਾਂ ਨੂੰ ਉਨ੍ਹਾਂ ਸਾਰੀਆਂ ਗੱਲਾਂ ਕਰਨ ਬਾਰੇ ਧਿਆਨ ਰੱਖਣਾ ਚਾਹੀਦਾ ਹੈ ਜਿਸਦਾ ਤੁਹਾਨੂੰ ਯਹੋਵਾਹ ਨੇ ਆਦੇਸ਼ ਦਿੱਤਾ ਹੈ। ਪਰਮੇਸ਼ੁਰ ਦੇ ਪਿਛੇ ਲੱਗਣ ਤੋਂ ਹਟਣਾ ਨਹੀਂ!
  • 33 ਤੁਹਾਨੂੰ ਉਸੇ ਤਰ੍ਹਾਂ ਜਿਉਣਾ ਚਾਹੀਦਾ ਹੈ ਜਿਵੇਂ ਯਹੋਵਾਹ, ਤੁਹਾਡੇ ਪਰਮੇਸ਼ੁਰ, ਨੇ ਤੁਹਾਨੂੰ ਆਦੇਸ਼ ਦਿੱਤਾ ਹੈ। ਫ਼ੇਰ ਤੁਸੀਂ ਜਿਉਂਦੇ ਰਹੋਂਗੇ, ਅਤੇ ਤੁਹਾਡਾ ਹਰ ਤਰ੍ਹਾਂ ਭਲਾ ਹੋਵੇਗਾ। ਤੁਸੀਂ ਉਸ ਧਰਤੀ ਉੱਤੇ ਲੰਮੀ ਉਮਰ ਭੋਗੋਂਗੇ ਜਿਹੜੀ ਤੁਹਾਡੀ ਹੀ ਹੋਵੇਗੀ।