wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਖ਼ਰੋਜਕਾਂਡ 34
  • 1 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਪੱਥਰ ਦੀਆਂ ਉਨ੍ਹਾਂ ਪਹਿਲੀਆਂ ਤਖਤੀਆਂ ਵਰਗੀਆਂ ਦੋ ਹੋਰ ਤਖਤੀਆਂ ਬਣਾ ਦਿੱਤੀਆਂ ਜਿਹੜੀਆਂ ਟੁੱਟ ਗਈਆਂ ਸਨ। ਮੈਂ ਇਨ੍ਹਾਂ ਤਖਤੀਆਂ ਉੱਤੇ ਉਹੀ ਸ਼ਬਦ ਲਿਖਾਂਗਾ ਜਿਹੜੇ ਪਹਿਲੀਆਂ ਦੋਹਾਂ ਤਖਤੀਆਂ ਉੱਤੇ ਲਿਖੇ ਹੋਏ ਸਨ।
  • 2 ਕਲ ਸਵੇਰੇ ਤਿਆਰ ਹੋ ਜਾਵੀਂ ਅਤੇ ਸੀਨਈ ਪਰਬਤ ਉੱਤੇ ਆ ਜਾਵੀਂ। ਉਥੇ ਪਰਬਤ ਦੀ ਚੋਟੀ ਉੱਤੇ ਮੇਰੇ ਸਨਮੁਖ ਖੜਾ ਹੋ ਜਾਵੀਂ।
  • 3 ਕਿਸੇ ਵੀ ਬੰਦੇ ਨੂੰ ਤੇਰੇ ਨਾਲ ਆਉਣ ਦੀ ਇਜਾਜ਼ਤ ਨਹੀਂ ਹੋਵੇਗੀ। ਕੋਈ ਵੀ ਬੰਦਾ ਪਰਬਤ ਦੀ ਕਿਸੇ ਵੀ ਥਾ ਉੱਤੇ ਦੇਖਿਆ ਨਹੀਂ ਜਾਣਾ ਚਾਹੀਦਾ। ਤੁਹਾਡੇ ਜਾਨਵਰਾਂ ਦੇ ਵੱਗਾਂ ਜਾਂ ਭੇਡਾਂ ਦੇ ਇੱਜੜਾਂ ਨੂੰ ਵੀ ਪਰਬਤ ਦੇ ਹੇਠ ਘਾਹ ਚਰਨ ਦੀ ਇਜਾਜ਼ਤ ਨਹੀਂ ਹੋਵੇਗੀ।”
  • 4 ਇਸ ਲਈ ਮੂਸਾ ਨੇ ਪਹਿਲਾਂ ਵਰਗੀਆਂ ਦੋ ਪੱਥਰ ਦੀਆਂ ਤਖਤੀਆਂ ਹੋਰ ਬਣਾਈਆਂ। ਫ਼ੇਰ ਅਗਲੀ ਸਵੇਰ ਸੁਵਖਤੇ ਹੀ ਉਹ ਸੀਨਈ ਪਰਬਤ ਉੱਤੇ ਚੜ ਗਿਆ। ਮੂਸਾ ਨੇ ਹਰ ਗੱਲ ਉਵੇਂ ਹੀ ਕੀਤੀ ਜਿਸਦਾ ਯਹੋਵਾਹ ਨੇ ਉਸਨੂੰ ਹੁਕਮ ਦਿੱਤਾ ਸੀ ਮੂਸਾ ਆਪਣੇ ਨਾਲ ਪੱਥਰ ਦੀਆਂ ਦੋ ਤਖਤੀਆਂ ਲੈ ਗਿਆ।
  • 5 ਜਦੋਂ ਮੂਸਾ ਪਰਬਤ ਉੱਤੇ ਸੀ, ਯਹੋਵਾਹ ਉਸ ਕੋਲ ਇੱਕ ਬੱਦਲ ਵਿੱਚ ਹੇਠਾਂ ਆਇਆ। ਯਹੋਵਾਹ ਓਥੇ ਮੂਸਾ ਦੇ ਨਾਲ ਖਲੋ ਗਿਆ, ਅਤੇ ਉਸ (ਯਹੋਵਾਹ) ਦਾ ਨਾਮ ਪੁਕਾਰਿਆ।
  • 6 ਯਹੋਵਾਹ ਮੂਸਾ ਦੇ ਅਗਿਓ ਲੰਘਿਆ ਅਤੇ ਆਖਿਆ, “ਯਾਹਵੇਹ, ਯਹੋਵਾਹ, ਦਿਆਲੂ ਅਤੇ ਕਿਰਪਾਲੂ ਪਰਮੇਸ਼ੁਰ ਹੈ। ਯਹੋਵਾਹ ਨੂੰ ਛੇਤੀ ਗੁੱਸਾ ਨਹੀਂ ਆਉਂਦਾ। ਯਹੋਵਾਹ ਮਹਾਨ ਪਿਆਰ ਨਾਲ ਭਰਪੂਰ ਹੈ। ਯਹੋਵਾਹ ਉੱਤੇ ਭਰੋਸਾ ਕੀਤਾ ਜਾ ਸਕਦਾ ਹੈ।
  • 7 ਯਹੋਵਾਹ ਹਜ਼ਾਰਾਂ ਪੀੜੀਆਂ ਨੂੰ ਆਪਣੀ ਮਿਹਰ ਦਰਸਾਉਂਦਾ ਹੈ। ਯਹੋਵਾਹ ਲੋਕਾਂ ਦੀਆਂ ਕੀਤੀਆਂ ਗਲਤੀਆਂ ਨੂੰ ਮਾਫ਼ ਕਰ ਦਿੰਦਾ ਹੈ। ਪਰ ਯਹੋਵਾਹ ਦੋਸ਼ੀਆਂ ਨੂੰ ਸਜ਼ਾ ਦੇਣਾ ਨਹੀਂ ਭੁੱਲਦਾ। ਯਹੋਵਾਹ ਸਿਰਫ਼ ਦੋਸ਼ੀ ਲੋਕਾਂ ਨੂੰ ਹੀ ਸਜ਼ਾ ਨਹੀਂ ਦੇਵੇਗਾ, ਸਗੋਂ ਉਨ੍ਹਾਂ ਦੇ ਪੁੱਤ, ਪੋਤੇ ਅਤੇ ਪੜਪੋਤੇ ਵੀ ਉਨ੍ਹਾਂ ਦੇ ਕੀਤੇ ਮੰਦੇ ਕੰਮਾਂ ਲਈ, ਦੁੱਖ ਭੋਗਣਗੇ।”
  • 8 ਤਾਂ ਮੂਸਾ ਨੇ ਛੇਤੀ ਨਾਲ ਧਰਤੀ ਵੱਲ ਝੁਕ ਕੇ ਮਥਾ ਟੇਕਿਆ ਅਤੇ ਯਹੋਵਾਹ ਦੀ ਉਪਾਸਨਾ ਕੀਤੀ। ਮੂਸਾ ਨੇ ਆਖਿਆ,
  • 9 “ਯਹੋਵਾਹ, ਜੇ ਤੁਸੀਂ ਮੇਰੇ ਉੱਤੇ ਪ੍ਰਸੰਨ ਹੋ, ਤਾਂ ਕਿਰਪਾ ਕਰਕੇ ਸਾਡੇ ਨਾਲ ਚੱਲੋ। ਮੈਂ ਜਾਣਦਾ ਹਾਂ ਕਿ ਇਹ ਜ਼ਿੱਦੀ ਲੋਕ ਹਨ। ਪਰ ਸਾਡੇ ਕੀਤੇ ਹੋਏ ਮੰਦੇ ਕੰਮਾਂ ਲਈ ਸਾਨੂੰ ਮਾਫ਼ ਕਰ ਦਿਉ। ਸਾਨੂੰ ਆਪਣੇ ਬੰਦਿਆਂ ਵਾਂਗ ਪ੍ਰਵਾਨ ਕਰ ਲਵੋ।”
  • 10 ਤਾਂ ਯਹੋਵਾਹ ਨੇ ਆਖਿਆ, “ਮੈਂ ਇਹ ਇਕਰਾਰਨਾਮਾ ਤੇਰੇ ਸਾਰੇ ਲੋਕਾਂ ਨਾਲ ਕਰ ਰਿਹਾ ਹਾਂ। ਮੈਂ ਅਜਿਹੀਆਂ ਹੈਰਾਨੀ ਭਰੀਆਂ ਗੱਲਾਂ ਕਰਾਂਗਾ ਜਿਹੜੀਆਂ ਧਰਤੀ ਦੀ ਕਿਸੇ ਹੋਰ ਕੌਮ ਲਈ ਕਦੇ ਵੀ ਨਹੀਂ ਕੀਤੀਆਂ ਗਈਆਂ। ਤੇਰੇ ਨਾਲ ਦੇ ਲੋਕ ਦੇਖਣਗੇ ਕਿ ਮੈਂ, ਯਹੋਵਾਹ, ਬਹੁਤ ਮਹਾਨ ਹਾਂ। ਲੋਕ ਉਨ੍ਹਾਂ ਹੈਰਾਨੀ ਭਰੇ ਕਾਰਨਾਮਿਆਂ ਨੂੰ ਦੇਖਣਗੇ ਜਿਹੜੇ ਮੈਂ ਤੁਹਾਦੇ ਲਈ ਕਰਾਂਗਾ।
  • 11 ਉਨ੍ਹਾਂ ਗੱਲਾਂ ਨੂੰ ਮੰਨੋ ਜਿਨ੍ਹਾਂ ਦਾ ਅੱਜ ਮੈਂ ਤੁਹਾਨੂੰ ਹੁਕਮ ਦਿੰਦਾ ਹਾਂ, ਅਤੇ ਮੈਂ ਤੁਹਾਡੇ ਦੁਸ਼ਮਣਾਂ ਨੂੰ ਤੁਹਾਡੀ ਧਰਤੀ ਤੋਂ ਚਲੇ ਜਾਣ ਲਈ ਮਜ਼ਬੂਰ ਕਰ ਦਿਆਂਗਾ। ਮੈਂ ਅਮੋਰੀਆਂ, ਕਨਾਨੀਆਂ, ਹਿੱਤੀਆਂ, ਫ਼ਰਿਜ਼ੀਆਂ, ਹਿੱਵੀਆਂ ਅਤੇ ਯਬੂਸੀਆਂ ਨੂੰ ਬਾਹਰ ਧੱਕ ਦਿਆਂਗਾ।
  • 12 ਹੋਸ਼ਿਆਰ ਰਹਿਣਾ। ਉਨ੍ਹਾਂ ਨਾਲ ਕੋਈ ਇਕਰਾਰਨਾਮਾ ਨਾ ਕਰਨਾ ਜਿਹੜੇ ਉਸ ਧਰਤੀ ਉੱਤੇ ਰਹਿ ਰਹੇ ਹਨ, ਜਿਥੇ ਤੁਸੀਂ ਜਾ ਰਹੇ ਹੋ। ਜੇ ਤੁਸੀਂ ਅਜਿਹਾ ਕਰੋਂਗੇ, ਉਹ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਕਰਨ ਲਈ ਤੁਹਾਨੂੰ ਫ਼ਸਾਉਣ ਦੇ ਯੋਗ ਹੋਣਗੇ।
  • 13 ਇਸ ਲਈ ਉਨ੍ਹਾਂ ਦੀਆਂ ਜਗਵੇਦੀਆਂ ਨੂੰ ਤਬਾਹ ਕਰ ਦਿਉ। ਉਨ੍ਹਾਂ ਪੱਥਰਾਂ ਨੂੰ ਤੋੜ ਦਿਉ ਜਿਨ੍ਹਾਂ ਦੀ ਉਹ ਉਪਾਸਨਾ ਕਰਦੇ ਹਨ। ਉਨ੍ਹਾਂ ਦੇ ਬੁੱਤਾਂ ਨੂੰ ਚੀਰ ਕੇ ਹੇਠਾਂ ਸੁੱਟ ਦਿਉ।
  • 14 ਕਿਸੇ ਵੀ ਹੋਰ ਦੇਵਤੇ ਦੀ ਉਪਾਸਨਾ ਨਾ ਕਰੋ। ਮੈਂ ਯਾਹਵੇਹ ਕਾਨਾਹ ਹਾਂ - ਈਰਖਾਲੂ ਯਹੋਵਾਹ। ਇਹ ਮੇਰਾ ਨਾਮ ਹੈ। ਮੈਂ ਏਲ ਕਾਨਾਹ ਹਾਂ - ਈਰਖਾਲੂ ਪਰਮੇਸ਼ੁਰ।
  • 15 “ਹੋਸ਼ਿਆਰ ਰਹਿਣਾ ਕਿ ਜਿਹੜੇ ਲੋਕ ਉਸ ਧਰਤੀ ਉੱਤੇ ਰਹਿੰਦੇ ਹਨ ਉਨ੍ਹਾਂ ਨਾਲ ਕੋਈ ਇਕਰਾਰਨਾਮੇ ਨਹੀਂ ਕਰਨਾ। ਜੇ ਤੁਸੀਂ ਅਜਿਹਾ ਕਰੋਂਗੇ ਤਾਂ ਹੋ ਸਕਦਾ ਹੈ ਕਿ ਤੁਸੀਂ ਉਨ੍ਹਾਂ ਨਾਲ ਉਨ੍ਹਾਂ ਦੇ ਦੇਵਤਿਆਂ ਦੀ ਉਪਾਸਨਾ ਵਿੱਚ ਵੀ ਸ਼ਾਮਿਲ ਹੋ ਜਾਵੋਂ। ਉਹ ਲੋਕ ਤੁਹਾਨੂੰ ਆਪਣੇ ਵਿੱਚ ਸ਼ਾਮਿਲ ਹੋਣ ਦੀ ਦਾਵਤ ਵੀ ਦੇਣਗੇ ਅਤੇ ਤੁਸੀਂ ਉਨ੍ਹਾਂ ਦੀਆਂ ਬਲੀਆਂ ਦਾ ਭੋਜਨ ਕਰੋਂਗੇ।
  • 16 ਹੋ ਸਕਦਾ ਹੈ ਕਿ ਤੁਸੀਂ ਆਪਣੇ ਪੁੱਤਰਾਂ ਲਈ ਉਨ੍ਹਾਂ ਦੀਆਂ ਧੀਆਂ ਨੂੰ ਪਤਨੀਆਂ ਵਜੋਂ ਚੁਣ ਲਵੋਂ। ਉਹ ਧੀਆਂ ਝੂਠੇ ਦੇਵਤਿਆਂ ਦੀ ਸੇਵਾ ਕਰਦੀਆਂ ਹਨ। ਉਹ ਤੁਹਾਡੇ ਪੁੱਤਰਾਂ ਨੂੰ ਵੀ ਅਜਿਹਾ ਕਰਨ ਲਈ ਪ੍ਰੇਰ ਸਕਦੀਆਂ ਹਨ।
  • 17 “ਕੋਈ ਬੁੱਤ ਨਾ ਬਣਾਉ।
  • 18 “ਪਤੀਰੀ ਰੋਟੀ ਦੇ ਪਰਬ ਦਾ ਜਸ਼ਨ ਮਨਾਉ। ਸੱਤ ਦਿਨ ਤੱਕ ਉਹੀ ਪਤੀਰੀ ਰੋਟੀ ਖਾਓ, ਜਿਹਾ ਕਿ ਮੈਂ ਤੁਹਾਨੂੰ ਪਹਿਲਾਂ ਹੁਕਮ ਦਿੱਤਾ ਸੀ। ਅਜਿਹਾ ਉਸ ਮਹੀਨੇ ਦੌਰਾਨ ਕਰੋ ਜਿਸਦੀ ਮੈਂ ਚੋਣ ਕੀਤੀ ਹੈ, ਅਬੀਬ ਦਾ ਮਹੀਨਾ। ਕਿਉਂਕਿ ਇਹੀ ਉਹ ਮਹੀਨਾ ਹੈ ਜਦੋਂ ਤੁਸੀਂ ਮਿਸਰ ਵਿੱਚੋਂ ਬਾਹਰ ਆਏ ਸੀ।
  • 19 “ਕਿਸੇ ਵੀ ਔਰਤ ਦਾ ਪਲੇਠਾ ਨਰ ਬੱਚਾ ਮੇਰਾ ਹੈ। ਉਹ ਪਲੇਠੇ ਨਰ ਜਾਨਵਰ ਵੀ ਜਿਨ੍ਹਾਂ ਨੂੰ ਤੁਹਾਡੇ ਪਸ਼ੂ ਜਾਂ ਭੇਡਾਂ ਜਨਮ ਦਿੰਦੀਆਂ ਹਨ ਮੇਰੇ ਹਨ।
  • 20 ਜੇ ਤੁਸੀਂ ਕਿਸੇ ਪਲੇਠੇ ਜੰਮੇ ਖੋਤੇ ਨੂੰ ਆਪਣੇ ਕੋਲ ਰੱਖਣਾ ਚਾਹੁੰਦੇ ਹੋ ਤਾਂ ਤੁਸੀਂ ਇਸਨੂੰ ਲੇਲਾ ਦੇਕੇ ਖਰੀਦ ਸਕਦੇ ਹੋ। ਪਰ ਜੇ ਤੁਸੀਂ ਇਸ ਖੋਤੇ ਨੂੰ ਲੇਲੇ ਨਾਲ ਨਹੀਂ ਖਰੀਦਦੇ, ਤਾਂ ਤੁਹਾਨੂੰ ਉਸ ਖੋਤੇ ਦੀ ਗਰਦਨ ਤੋੜ ਦੇਣੀ ਚਾਹੀਦੀ ਹੈ। ਤੁਹਾਨੂੰ ਚਾਹੀਦਾ ਹੈ ਕਿ ਆਪਣੇ ਸਾਰੇ ਪਲੇਠੇ ਪੁੱਤਰ ਮੇਰੇ ਪਾਸੋਂ ਵਪਸ ਖਰੀਦੋਂ। ਕੋਈ ਵੀ ਬੰਦਾ ਬਿਨਾ ਸੁਗਾਤ ਦੇ ਮੇਰੇ ਕੋਲ ਨਹੀਂ ਆਉਣਾ ਚਾਹੀਦਾ।
  • 21 “ਤੁਸੀਂ ਛੇ ਦਿਨ ਤੱਕ ਕੰਮ ਕਰੋਂਗੇ। ਪਰ ਸੱਤਵੇਂ ਦਿਨ ਤੁਹਾਨੂੰ ਅਰਾਮ ਕਰਨਾ ਚਾਹੀਦਾ ਹੈ। ਤੁਹਾਨੂੰ ਫ਼ਸਲਾਂ ਬੀਜਣ ਅਤੇ ਵਢਣ ਦੇ ਸਮੇਂ ਦੌਰਾਨ ਵੀ ਅਰਾਮ ਕਰਨਾ ਚਾਹੀਦਾ ਹੈ।
  • 22 “ਅਠਵਾਰੇ ਦੇ ਪਰਬ ਨੂੰ ਮਨਾਉ। ਇਸ ਤਿਉਹਾਰ ਲਈ ਕਣਕ ਦੀ ਫ਼ਸਲ ਦੇ ਪਹਿਲੇ ਦਾਣੇ ਵਰਤੋਂ। ਅਤੇ ਪਤਝੜ ਵਿੱਚ ਵਾਢੀ ਦਾ ਪਰਬ ਮਨਾਓ।
  • 23 “ਤੁਹਾਡੇ ਸਾਰੇ ਆਦਮੀ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਇਸਰਾਏਲ ਦੇ ਪਰਮੇਸ਼ੁਰ, ਅਤੇ ਸੁਆਮੀ ਕੋਲ ਜ਼ਰੂਰ ਜਾਣ।
  • 24 “ਜਦੋਂ ਤੁਸੀਂ ਆਪਣੀ ਧਰਤੀ ਤੇ ਜਾਵੋਂਗੇ, ਮੈਂ ਤੁਹਾਡੇ ਦੁਸ਼ਮਣਾਂ ਨੂੰ ਉਸ ਧਰਤੀ ਤੋਂ ਬਾਹਰ ਧੱਕ ਦਿਆਂਗਾ ਮੈਂ ਤੁਹਾਡੀਆਂ ਸਰਹੱਦਾਂ ਨੂੰ ਫ਼ੈਲਾ ਦਿਆਂਗਾ - ਤੁਹਾਨੂੰ ਹੋਰ ਧਰਤੀ ਮਿਲੇਗੀ। ਤੁਸੀਂ ਸਾਲ ਵਿੱਚ ਤਿੰਨ ਵਾਰੀ ਯਹੋਵਾਹ ਆਪਣੇ ਪਰਮੇਸ਼ੁਰ ਕੋਲ ਜਾਵੋਂਗੇ। ਉਸ ਸਮੇਂ ਕੋਈ ਵੀ ਬੰਦਾ ਤੁਹਾਡੇ ਕੋਲੋਂ ਤੁਹਾਡੀ ਧਰਤੀ ਖੋਹਣ ਦੀ ਕੋਸ਼ਿਸ਼ ਨਹੀਂ ਕਰੇਗਾ।
  • 25 “ਜਦੋਂ ਵੀ ਤੁਸੀਂ ਮੈਨੂੰ ਬਲੀ ਦਾ ਖੂਨ ਚੜਾਵੋਂ ਤਾਂ ਉਸ ਵੇਲੇ ਕਦੇ ਵੀ ਖਮੀਰ ਨਾ ਚੜਾਓ।“ਪਸਾਹ ਦੇ ਭੋਜਨ ਦਾ ਬਚਿਆ ਹੋਇਆ ਮਾਸ ਅਗਲੀ ਸਵੇਰ ਲਈ ਨਹੀਂ ਰਖਣਾ।
  • 26 “ਆਪਣੀ ਵਾਢੀ ਦੀਆਂ ਪਹਿਲੀਆਂ ਫ਼ਸਲਾਂ ਯਹੋਵਾਹ ਨੂੰ ਦੇਵੋ। ਉਹ ਚੀਜ਼ਾ ਯਹੋਵਾਹ ਆਪਣੇ ਪਰਮੇਸ਼ੁਰ ਦੇ ਘਰ ਲੈਕੇ ਆਉ।“ਕਦੇ ਵੀ ਕਿਸੇ ਬੱਕਰੀ ਦੇ ਬੱਚੇ ਨੂੰ ਉਸਦੇ ਮਾਂ ਦੇ ਦੁਧ ਵਿੱਚ ਨਾ ਪਕਾਉ।”
  • 27 ਫ਼ੇਰ ਯਹੋਵਾਹ ਨੇ ਮੂਸਾ ਨੂੰ ਆਖਿਆ, “ਉਹ ਸਾਰੀਆਂ ਗੱਲਾਂ ਲਿਖ ਲੈ ਜੋ ਮੈਂ ਤੈਨੂੰ ਆਖੀਆਂ ਹਨ। ਉਹ ਗੱਲਾਂ ਉਹ ਇਕਰਾਰਨਾਮਾ ਹੈ ਜਿਹੜਾ ਮੈਂ ਤੁਹਾਡੇ ਅਤੇ ਇਸਰਾਏਲ ਦੇ ਲੋਕਾਂ ਨਾਲ ਕੀਤਾ ਹੈ।”
  • 28 ਮੂਸਾ ਉਥੇ ਯਹੋਵਾਹ ਦੇ ਨਾਲ 40 ਦਿਨ ਅਤੇ 40 ਰਾਤਾਂ ਠਹਿਰਿਆ। ਮੂਸਾ ਨੇ ਨਾ ਕੋਈ ਭੋਜਨ ਖਾਧਾ ਨਾ ਕੋਈ ਪਾਣੀ ਪੀਤਾ। ਅਤੇ ਮੂਸਾ ਨੇ ਪੱਥਰ ਦੀਆਂ ਦੋ ਤਖਤੀਆਂ ਉੱਤੇ ਇਕਰਾਰਨਾਮੇ ਦੇ ਸ਼ਬਦ (ਦਸ ਹੁਕਮ) ਲਿਖੇ।
  • 29 ਫ਼ੇਰ ਮੂਸਾ ਸੀਨਈ ਪਰਬਤ ਤੋਂ ਹੇਠਾਂ ਉਤਰ ਆਇਆ। ਉਸਦੇ ਕੋਲ ਪੱਥਰ ਦੀਆਂ ਦੋ ਤਖਤੀਆਂ ਸਨ ਜਿਨ੍ਹਾਂ ਉੱਤੇ ਇਕਰਾਰਨਾਮਾ ਲਿਖਿਆ ਹੋਇਆ ਸੀ। ਮੂਸਾ ਦਾ ਚਿਹਰਾ ਚਮਕ ਰਿਹਾ ਸੀ ਕਿਉਂਕਿ ਉਸਨੇ ਯਹੋਵਾਹ ਨਾਲ ਗੱਲਾਂ ਕੀਤੀਆਂ ਸਨ। ਪਰ ਮੂਸਾ ਨੂੰ ਇਸ ਗੱਲ ਦਾ ਪਤਾ ਨਹੀਂ ਸੀ।
  • 30 ਹਾਰੂਨ ਨੇ ਅਤੇ ਇਸਰਾਏਲ ਦੇ ਸਾਰੇ ਲੋਕਾਂ ਨੇ ਮੂਸਾ ਦਾ ਚਿਹਰਾ ਦੇਖਿਆ ਜਿਹੜਾ ਤੇਜ ਨਾਲ ਚਮਕ ਰਿਹਾ ਸੀ। ਇਸ ਲਈ ਉਹ ਉਸਦੇ ਕੋਲ ਜਾਣ ਤੋਂ ਡਰਦੇ ਸਨ।
  • 31 ਪਰ ਮੂਸਾ ਨੇ ਉਨ੍ਹਾਂ ਨੂੰ ਬੁਲਾਇਆ। ਇਸ ਲਈ ਹਾਰੂਨ ਅਤੇ ਲੋਕਾਂ ਦੇ ਸਾਰੇ ਆਗੂ ਮੂਸਾ ਕੋਲ ਗਏ। ਮੂਸਾ ਨੇ ਉਨ੍ਹਾਂ ਨਾਲ ਗੱਲ ਕੀਤੀ।
  • 32 ਇਸਤੋਂ ਮਗਰੋਂ ਇਸਰਾਏਲ ਦੇ ਸਾਰੇ ਲੋਕ ਮੂਸਾ ਦੇ ਨੇੜੇ ਆ ਗਏ। ਅਤੇ ਮੂਸਾ ਨੇ ਉਨ੍ਹਾਂ ਨੂੰ ਉਹ ਹੁਕਮ ਦਿੱਤੇ ਜਿਹੜੇ ਯਹੋਵਾਹ ਨੇ ਉਸਨੂੰ ਸੀਨਈ ਪਰਬਤ ਉੱਤੇ ਦਿੱਤੇ ਸਨ।
  • 33 ਜਦੋਂ ਮੂਸਾ ਲੋਕਾਂ ਨਾਲ ਗੱਲ ਕਰ ਹਟਿਆ ਉਸਨੇ ਆਪਣੇ ਚਿਹਰੇ ਉੱਤੇ ਪਰਦਾ ਪਾ ਲਿਆ।
  • 34 ਜਿਸ ਵੇਲੇ ਵੀ ਮੂਸਾ ਯਹੋਵਾਹ ਨਾਲ ਗੱਲ ਕਰਨ ਲਈ ਉਸਦੇ ਸਾਮ੍ਹਣੇ ਗਿਆ, ਮੂਸਾ ਨੇ ਉਹ ਪਰਦਾ ਲਾਹ ਦਿੱਤਾ। ਫ਼ੇਰ ਮੁਸਾ ਬਾਹਰ ਆਉਂਦਾ ਅਤੇ ਇਸਰਾਏਲ ਦੇ ਲੋਕਾਂ ਨੂੰ ਉਹ ਗੱਲਾਂ ਦੱਸਦਾ ਜਿਨ੍ਹਾਂ ਦਾ ਯਹੋਵਾਹ ਹੁਕਮ ਦਿੰਦਾ ਸੀ।
  • 35 ਲੋਕ ਦੇਖਦੇ ਸਨ ਕਿ ਮੂਸਾ ਦਾ ਚਿਹਰਾ ਤੇਜ ਨਾਲ ਚਮਕਦਾ ਸੀ, ਇਸ ਲਈ ਮੂਸਾ ਆਪਣਾ ਚਿਹਰਾ ਫ਼ੇਰ ਢਕ ਲੈਂਦਾ ਸੀ। ਮੂਸਾ ਉਦੋਂ ਤੱਕ ਆਪਣਾ ਚਿਹਰਾ ਢਕੀ ਰਖਦਾ ਜਦੋਂ ਤੱਕ ਕਿ ਉਹ ਇੱਕ ਵਾਰੀ ਫ਼ੇਰ ਯਹੋਵਾਹ ਨਾਲ ਗੱਲ ਕਰਨ ਲਈ ਅੰਦਰ ਨਹੀਂ ਸੀ ਜਾਂਦਾ।