wheel

AJC Publications and Media Portal

 

But the Comforter, which is the Holy Ghost, whom the Father will send in my name, he shall teach you all things,
and bring all things to your remembrance, whatsoever I have said unto you. John 14:26


ਪੈਦਾਇਸ਼ਕਾਂਡ 38
  • 1 ਤਕਰੀਬਨ ਉਸੇ ਵੇਲੇ, ਯਹੂਦਾਹ ਆਪਣੇ ਭਰਾਵਾਂ ਨੂੰ ਛੱਡ ਗਿਆ ਅਤੇ ਹੀਰਾਹ ਨਾਮ ਦੇ ਇੱਕ ਆਦਮੀ ਦੇ ਕੋਲ ਰਹਿਣ ਲਈ ਚਲਾ ਗਿਆ। ਹੀਰਾਹ ਅਦੂਲਾਮ ਕਸਬੇ ਦਾ ਸੀ।
  • 2 ਯਹੂਦਾਹ ਨੂੰ ਉਥੇ ਇੱਕ ਕਨਾਨੀ ਕੁੜੀ ਮਿਲ ਪਈ ਅਤੇ ਉਸਨੇ ਉਸ ਨਾਲ ਸ਼ਾਦੀ ਕਰ ਲਈ। ਕੁੜੀ ਦੇ ਪਿਤਾ ਦਾ ਨਾਮ ਸ਼ੂਆ ਸੀ।
  • 3 ਕਨਾਨੀ ਕੁੜੀ ਨੇ ਇੱਕ ਪੁੱਤਰ ਨੂੰ ਜਨਮ ਦਿੱਤਾ। ਉਸਨੇ ਉਸਦਾ ਨਾਮ ਏਰ ਰੱਖਿਆ।
  • 4 ਬਾਦ ਵਿੱਚ ਉਸਨੇ ਇੱਕ ਹੋਰ ਪੁੱਤਰ ਨੂੰ ਜਨਮ ਦਿੱਤਾ ਉਸਦਾ ਨਾਮ ਉਸਨੇ ਓਨਾਨ ਰੱਖਿਆ।
  • 5 ਬਾਦ ਵਿੱਚ ਉਸਦਾ ਇੱਕ ਹੋਰ ਪੁੱਤਰ ਹੋਇਆ ਜਿਸਦਾ ਨਾਮ ਸ਼ੇਲਾਹ ਸੀ। ਜਦੋਂ ਇਸ ਤੀਸਰੇ ਪੁੱਤਰ ਦਾ ਜਨਮ ਹੋਇਆ ਤਾਂ ਯਹੂਦਾਹ ਕਜ਼ੀਬ ਵਿੱਚ ਰਹਿੰਦਾ ਸੀ।
  • 6 ਯਹੂਦਾਹ ਨੇ ਆਪਣੇ ਪਹਿਲੇ ਪੁੱਤਰ ਏਰ ਲਈ ਇੱਕ ਵਹੁਟੀ ਲਭੀ। ਔਰਤ ਦਾ ਨਾਮ ਤਾਮਾਰ ਸੀ।
  • 7 ਪਰ ਏਰ ਨੇ ਬਹੁਤ ਸਾਰੇ ਮੰਦੇ ਕੰਮ ਕੀਤੇ। ਯਹੋਵਾਹ ਉਸ ਉੱਪਰ ਪ੍ਰਸੰਨ ਨਹੀਂ ਸੀ। ਇਸ ਲਈ ਯਹੋਵਾਹ ਨੇ ਉਸਨੂੰ ਮਾਰ ਦਿੱਤਾ।
  • 8 ਫ਼ੇਰ ਯਹੂਦਾਹ ਨੇ ਓਨਾਨ ਨੂੰ ਆਖਿਆ, “ਆਪਣੇ ਮ੍ਰਿਤਕ ਭਰਾ ਦੀ ਪਤਨੀ ਕੋਲ ਜਾਹ ਅਤੇ ਆਪਣੇ ਭਰਾ ਦੇ ਪਰਿਵਾਰ ਦੀ ਪਂਗਤ ਨੂੰ ਜਿਉਂਦਿਆਂ ਰੱਖਣ ਲਈ, ਉਸ ਨਾਲ ਆਪਣਾ ਫ਼ਰਜ਼ ਪੂਰਾ ਕਰ।”
  • 9 ਓਨਾਨ ਜਾਣਦਾ ਸੀ ਕਿ ਇਸ ਸੰਭੋਗ ਵਿੱਚੋਂ ਪੈਦਾ ਹੋਇਆ ਬੱਚਾ ਉਸਦਾ ਨਹੀਂ ਅਖਵਾਏਗਾ। ਓਨਾਨ ਨੇ ਤਾਮਾਰ ਨਾਲ ਜਿਨਸੀ ਰਿਸ਼ਤਾ ਜੋੜਿਆ ਪਰ ਉਸਨੇ ਆਪਣਾ ਵੀਰਜ ਜ਼ਮੀਨ ਉੱਤੇ ਵਗਾ ਦਿੱਤਾ। ਉਸਨੇ ਅਜਿਹਾ ਆਪਣੇ ਭਰਾ ਨੂੰ ਉੱਤਰਾਧਿਕਾਰੀ ਨਾ ਦੇਣ ਦੀ ਤਵਜੋ ਨਾਲ ਕੀਤਾ।
  • 10 ਇਸ ਨਾਲ ਯਹੋਵਾਹ ਨੂੰ ਗੁੱਸਾ ਆ ਗਿਆ। ਇਸ ਲਈ ਯਹੋਵਾਹ ਨੇ ਓਨਾਨ ਨੂੰ ਵੀ ਮਾਰ ਦਿੱਤਾ।
  • 11 ਫ਼ੇਰ ਯਹੂਦਾਹ ਨੇ ਆਪਣੀ ਨੂੰਹ ਤਾਮਾਰ ਨੂੰ ਆਖਿਆ, “ਆਪਣੇ ਪਿਤਾ ਦੇ ਘਰ ਵਾਪਸ ਚਲੀ ਜਾਹ। ਉਥੇ ਠਹਿਰ ਅਤੇ ਓਨਾ ਚਿਰ ਸ਼ਾਦੀ ਨਾ ਕਰੀਂ ਜਦੋਂ ਤੱਕ ਕਿ ਮੇਰਾ ਛੋਟਾ ਪੁੱਤਰ ਸ਼ੇਲਾਹ ਜਵਾਨ ਨਹੀਂ ਹੋ ਜਾਂਦਾ।” ਯਹੂਦਾਹ ਨੂੰ ਡਰ ਸੀ ਕਿ ਸ਼ੇਲਾਹ ਵੀ ਆਪਣੇ ਭਰਾਵਾਂ ਵਾਂਗ ਨਾ ਮਾਰਿਆ ਜਾਵੇ। ਤਾਮਾਰ ਆਪਣੇ ਪਿਤਾ ਦੇ ਘਰ ਵਾਪਸ ਚਲੀ ਗਈ।
  • 12 ਬਾਦ ਵਿੱਚ, ਯਹੂਦਾਹ ਦੀ ਪਤਨੀ, ਸ਼ੂਆ ਦੀ ਧੀ, ਮਰ ਗਈ। ਸੋਗ ਦੇ ਦਿਨਾਂ ਤੋਂ ਮਗਰੋਂ ਯਹੂਦਾਹ ਉਸ ਅਦੂਲਾਮੀ ਦੇ ਆਪਣੇ ਮਿੱਤਰ ਹੀਰਾਹ ਨਾਲ ਤਿਮਨਾਥ ਕੋਲ ਚਲਾ ਗਿਆ। ਯਹੂਦਾਹ ਤਿਮਨਾਥ ਨੂੰ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਗਿਆ ਸੀ।
  • 13 ਤਾਮਾਰ ਨੂੰ ਪਤਾ ਲਗਿਆ ਕਿ ਉਸਦਾ ਸਹੁਰਾ ਆਪਣੀਆਂ ਭੇਡਾਂ ਦੀ ਉੱਨ ਲਾਹੁਣ ਲਈ ਤਿਮਨਾਥ ਜਾ ਰਿਹਾ ਸੀ।
  • 14 ਤਾਮਾਰ ਹਮੇਸ਼ਾ ਅਜਿਹੇ ਕੱਪੜੇ ਪਾਉਂਦੀ ਸੀ ਜਿਸਤੋਂ ਨਜ਼ਰ ਆਵੇ ਕਿ ਉਹ ਵਿਧਵਾ ਸੀ। ਇਸ ਲਈ ਉਸਨੇ ਕੁਝ ਵਖਰੇ ਵਸਤਰ ਪਹਿਨੇ ਅਤੇ ਆਪਣੇ ਚਿਹਰੇ ਨੂੰ ਘੁੰਡ ਨਾਲ ਢਕ ਲਿਆ। ਫ਼ੇਰ ਉਹ ਏਨਿਯਮ ਫ਼ਾਟਕ ਕੋਲ ਬੈਠ ਗਈ ਜੋ ਤਿਮਨਾਥ ਦੇ ਰਸਤੇ ਉੱਤੇ ਹੈ। ਤਾਮਾਰ ਜਾਣਦੀ ਸੀ ਕਿ ਯਹੂਦਾਹ ਦਾ ਸਭ ਤੋਂ ਛੋਟਾ ਪੁੱਤਰ ਸ਼ੇਲਾਹ ਹੁਣ ਜਵਾਨ ਹੋ ਚੁਕਿਆ ਸੀ। ਪਰ ਯਹੂਦਾਹ ਉਸਨੂੰ ਉਸ ਨਾਲ ਵਿਆਹੁਣ ਦੀਆਂ ਵਿਉਂਤਾ ਨਹੀਂ ਬਣਾਵੇਗਾ।
  • 15 ਯਹੂਦਾਹ ਉਸ ਸੜਕ ਉੱਤੇ ਸਫ਼ਰ ਕਰ ਰਿਹਾ ਸੀ। ਉਸਨੇ ਉਸਨੂੰ ਦੇਖਿਆ ਪਰ ਇਹ ਸੋਚਿਆ ਕਿ ਸ਼ਾਇਦ ਇਹ ਵੇਸਵਾ ਹੈ। (ਉਸਦਾ ਚਿਹਰਾ ਵੇਸਵਾ ਵਾਂਗ ਨਕਾਬ ਨਾਲ ਕਜਿਆ ਹੋਇਆ ਸੀ।)
  • 16 ਇਸ ਲਈ ਯਹੂਦਾਹ ਉਸ ਕੋਲ ਗਿਆ ਅਤੇ ਆਖਿਆ, “ਕੀ ਮੈਂ ਤੇਰੇ ਨਾਲ ਜਿਨਸੀ ਸੰਬੰਧ ਜੋੜ ਸਕਦਾ ਹਾਂ।” (ਯਹੂਦਾਹ ਨੂੰ ਇਹ ਨਹੀਂ ਸੀ ਪਤਾ ਕਿ ਉਸਦੀ ਨੂੰਹ ਤਾਮਾਰ ਸੀ।)ਉਸਨੇ ਆਖਿਆ, “ਇਸ ਬਦਲੇ ਤੂੰ ਮੈਨੂੰ ਕੀ ਦੇਵੇਂਗਾ?”
  • 17 ਯਹੂਦਾਹ ਨੇ ਜਵਾਬ ਦਿੱਤਾ, “ਮੈਂ ਤੈਨੂੰ ਆਪਣੇ ਇੱਜੜ ਵਿੱਚੋਂ ਇੱਕ ਜਵਾਨ ਬਕਰਾ ਦੇਵਾਂਗਾ।” ਉਸਨੇ ਜਵਾਬ ਦਿੱਤਾ, “ਮੈਨੂੰ ਇਹ ਮੰਜ਼ੂਰ ਹੈ। ਪਰ ਇਸਤੋਂ ਪਹਿਲਾਂ ਕਿ ਤੂੰ ਮੈਨੂੰ ਬਕਰਾਂ ਭੇਜੇ ਤੂੰ ਮੈਨੂੰ ਰੱਖਣ ਵਾਸਤੇ ਕੋਈ ਚੀਜ਼ ਦੇ।”
  • 18 ਯਹੂਦਾਹ ਨੇ ਪੁਛਿਆ, “ਤੂੰ ਮੇਰੇ ਪਾਸੋਂ ਇਸ ਗੱਲ ਦੇ ਸਬੂਤ ਵਜੋਂ ਕੀ ਚਾਹੁੰਦੀ ਹੈ ਕਿ ਮੈਂ ਤੈਨੂੰ ਬਕਰਾਂ ਭੇਜਾਂਗਾ?”ਤਾਮਾਰ ਨੇ ਜਵਾਬ ਦਿੱਤਾ, “ਮੈਨੂੰ ਆਪਣੀ ਮੋਹਰ ਅਤੇ ਇਸਦੀ ਰਸੀ ਦੇ ਜਿਹੜੀ ਤੂੰ ਆਪਣੀਆਂ ਚਿਠੀਆਂ ਉੱਤੇ ਇਸਤੇਮਾਲ ਕਰਦਾ ਹੈਂ ਅਤੇ ਮੈਨੂੰ ਆਪਣੀ ਚੱਲਣ ਵਾਲੀ ਸੋਟੀ ਦੇ ਦੇ।” ਯਹੂਦਾਹ ਨੇ ਉਸਨੂੰ ਇਹ ਚੀਜ਼ਾਂ ਦੇ ਦਿੱਤੀਆਂ। ਫ਼ੇਰ ਯਹੂਦਾਹ ਅਤੇ ਤਾਮਾਰ ਨੇ ਸੰਭੋਗ ਕੀਤਾ ਅਤੇ ਤਾਮਾਰ ਗਰਭਵਤੀ ਹੋ ਗਈ।
  • 19 ਤਾਮਾਰ ਘਰ ਗਈ ਅਤੇ ਆਪਣੇ ਚਿਹਰੇ ਤੋਂ ਨਕਾਬ ਉਤਾਰ ਦਿੱਤਾ। ਫ਼ੇਰ ਉਸਨੇ ਉਹੀ ਕੱਪੜੇ ਦੁਬਾਰਾ ਪਹਿਨ ਲਈ ਜਿਹੜੇ ਉਸਨੂੰ ਵਿਧਵਾ ਦਰਸ਼ਾਉਂਦੇ ਸਨ।
  • 20 ਬਾਦ ਵਿੱਚ ਯਹੂਦਾਹ ਨੇ ਆਪਣੇ ਮਿੱਤਰ ਹੀਰਾਹ ਨੂੰ ਏਨਯਿਮ ਘਲਿਆ ਤਾਂ ਜੋ ਉਹ ਵੇਸਵਾ ਨੂੰ ਇਕਰਾਰ ਕੀਤਾ ਹੋਇਆ ਬਕਰਾ ਦੇ ਆਵੇ। ਯਹੂਦਾਹ ਨੇ ਹੀਰਾਹ ਨੂੰ ਇਹ ਵੀ ਆਖਿਆ ਕਿ ਉਸ ਪਾਸੋਂ ਖਾਸ ਮੋਹਰ ਅਤੇ ਸੋਟੀ ਵੀ ਲੈਂਦਾ ਆਵੇ। ਪਰ ਹੀਰਾਹ ਉਸਨੂੰ ਨਾ ਲਭ ਸਕਿਆ।
  • 21 ਹੀਰਾਹ ਨੇ ਏਨਯਿਮ ਜਿਲ੍ਹੇ ਦੇ ਕੁਝ ਲੋਕਾਂ ਨੂੰ ਪੁਛਿਆ, “ਉਹ ਮੰਦਰ ਦੀ ਵੇਸਵਾ ਕਿਥੇ ਹੈ ਜਿਹੜੀ ਸੜਕ ਕੰਢੇ ਬੈਠੀ ਹੋਈ ਸੀ?”ਆਦਮੀਆਂ ਨੇ ਜਵਾਬ ਦਿੱਤਾ, “ਇੱਥੇ ਕਦੇ ਕੋਈ ਵੇਸਵਾ ਨਹੀਂ ਰਹੀ ਹੈ।”
  • 22 ਇਸ ਲਈ ਯਹੂਦਾਹ ਦਾ ਮਿੱਤਰ ਯਹੂਦਾਹ ਕੋਲ ਵਾਪਸ ਚਲਾ ਗਿਆ ਅਤੇ ਕਹਿਣ ਲੱਗਾ, “ਮੈਨੂੰ ਤਾਂ ਉਹ ਔਰਤ ਲਭੀ ਨਹੀਂ। ਉਸ ਥਾਂ ਰਹਿਣ ਵਾਲੇ ਆਦਮੀਆਂ ਨੇ ਆਖਿਆ ਹੈ ਕਿ ਇੱਥੇ ਤਾਂ ਕੋਈ ਵੇਸਵਾ ਹੈ ਹੀ ਨਹੀਂ ਸੀ।”
  • 23 ਇਸ ਲਈ ਯਹੂਦਾਹ ਨੇ ਆਖਿਆ, “ਉਸਨੂੰ ਚੀਜ਼ਾਂ ਰੱਖ ਲੈਣ ਦਿਉ। ਮੈਂ ਨਹੀਂ ਚਾਹੁੰਦਾ ਕਿ ਲੋਕ ਸਾਡੇ ਉੱਪਰ ਹੱਸਣ। ਮੈਂ ਉਸਨੂੰ ਬਕਰਾ ਦੇਣ ਦੀ ਕੋਸ਼ਿਸ਼ ਕੀਤੀ ਸੀ, ਪਰ ਅਸੀਂ ਉਸਨੂੰ ਲਭ ਨਹੀਂ ਸਕੇ, ਇੰਨੀ ਗੱਲ ਕਾਫ਼ੀ ਹੈ।”
  • 24 ਤਕਰੀਬਨ ਤਿੰਨ ਮਹੀਨੇ ਮਗਰੋਂ, ਕਿਸੇ ਨੇ ਯਹੂਦਾਹ ਨੂੰ ਦੱਸਿਆ, “ਤੇਰੀ ਨੂੰਹ ਤਾਮਾਰ ਨੇ ਇੱਕ ਵੇਸਵਾ ਵਰਗਾ ਪਾਪ ਕੀਤਾ ਹੈ, ਅਤੇ ਹੁਣ ਉਹ ਗਰਭਵਤੀ ਹੈ।”ਤਾਂ ਯਹੂਦਾਹ ਨੇ ਆਖਿਆ, “ਉਸਨੂੰ ਬਾਹਰ ਕਢੋ ਅਤੇ ਜਲਾ ਦਿਉ।”
  • 25 ਫ਼ੇਰ ਆਦਮੀ ਤਾਮਾਰ ਨੂੰ ਮਾਰਨ ਲਈ ਉਸ ਵੱਲ ਗਏ। ਪਰ ਉਸਨੇ ਆਪਣੇ ਸਹੁਰੇ ਵੱਲ ਇੱਕ ਸੰਦੇਸ਼ ਭੇਜਿਆ। ਤਾਮਾਰ ਨੇ ਆਖਿਆ, “ਜਿਸ ਆਦਮੀ ਨੇ ਮੈਨੂੰ ਗਰਭਵਤੀ ਕੀਤਾ ਹੈ। ਉਹ ਉਹੀ ਹੈ ਜਿਸ ਦੀਆਂ ਇਹ ਚੀਜ਼ਾਂ ਹਨ। ਇਨ੍ਹਾਂ ਚੀਜ਼ਾਂ ਵੱਲ ਵੇਖ ਲਵੋ। ਇਹ ਕਿਸ ਦੀਆਂ ਹਨ? ਇਹ ਖਾਸ ਮੋਹਰ ਅਤੇ ਰੱਸੀ ਕਿਸਦੀ ਹੈ? ਇਹ ਚੱਲਣ ਵਾਲੀ ਸੋਟੀ ਕਿਸਦੀ ਹੈ?”
  • 26 ਯਹੂਦਾਹ ਨੇ ਇਹ ਚੀਜ਼ਾਂ ਪਛਾਣ ਲਈਆਂ ਅਤੇ ਆਖਿਆ, “ਉਹ ਠੀਕ ਹੈ। ਮੈਂ ਗਲਤ ਸਾਂ। ਮੈਂ ਉਸਨੂੰ ਆਪਣੇ ਪੁੱਤਰ ਸ਼ੇਲਾਹ ਨਾਲ ਨਹੀਂ ਵਿਆਹਿਆ ਜਿਹਾ ਕਿ ਮੈਂ ਇਕਰਾਰ ਕੀਤਾ ਸੀ।” ਅਤੇ ਯਹੂਦਾਹ ਫ਼ੇਰ ਦੋਬਾਰਾ ਉਸ ਨਾਲ ਨਹੀਂ ਸੁੱਤਾ।
  • 27 ਤਾਮਾਰ ਦੇ ਬੱਚਾ ਜਨਣ ਦਾ ਸਮਾਂ ਆ ਗਿਆ। ਉਨ੍ਹਾਂ ਨੇ ਦੇਖਿਆ ਕਿ ਉਹ ਜੌੜੇ ਬੱਚੇ ਜਨਣ ਜਾ ਰਹੀ ਸੀ।
  • 28 ਜਦੋਂ ਉਹ ਬਚੇ ਜਣ ਰਹੀ ਸੀ, ਇੱਕ ਬੱਚੇ ਨੇ ਆਪਣਾ ਹੱਥ ਬਾਹਰ ਕਢਿਆ, ਦਾਈ ਨੇ ਹੱਥ ਉੱਤੇ ਲਾਲ ਧਾਗਾ ਬੰਨ੍ਹ ਦਿੱਤਾ ਅਤੇ ਆਖਿਆ, “ਇਹ ਬੱਚਾ ਪਹਿਲਾਂ ਜੰਮਿਆ ਸੀ।”
  • 29 ਪਰ ਫ਼ੇਰ ਉਸ ਬੱਚੇ ਨੇ ਆਪਣਾ ਹੱਥ ਵਾਪਸ ਅੰਦਰ ਖਿੱਚ ਲਿਆ। ਫ਼ੇਰ ਦੂਸਰਾ ਬੱਚਾ ਪਹਿਲਾਂ ਬਾਹਰ ਆਇਆ। ਇਸ ਲਈ ਦਾਈ ਨੇ ਆਖਿਆ, “ਤੂੰ ਆਪਣਾ ਰਸਤਾ ਜ਼ਬਰਦਸਤੀ ਬਣਾਇਆ। ਇਸ ਲਈ ਉਨ੍ਹਾਂ ਨੇ ਉਸਦਾ ਨਾਮ ਪਾਰਸ ਧਰਇਆ।
  • 30 ਇਸਤੋਂ ਮਗਰੋਂ ਦੂਸਰਾ ਬੱਚਾ ਜਨਮਿਆ। ਇਸ ਬੱਚਾ ਉਹੀ ਸੀ ਜਿਸਦੇ ਹੱਥ ਉੱਤੇ ਲਾਲ ਧਾਗਾ ਬੰਨ੍ਹਿਆ ਹੋਇਆ ਸੀ। ਉਨ੍ਹਾਂ ਨੇ ਉਸਦਾ ਨਾਮ ਜ਼ਰਾਹ ਰੱਖ ਦਿੱਤਾ।