- 1 ਯਹੋਵਾਹ ਨੇ ਮੂਸਾ ਨੂੰ ਆਖਿਆ,
- 2 “ਹਾਰੂਨ ਨੂੰ ਉਸਦੇ ਪੁੱਤਰਾਂ ਉਨ੍ਹਾਂ ਦੇ ਵਸਤਰਾਂ, ਮਸਹ ਵਾਲੇ ਤੇਲ, ਪਾਪ ਦੀ ਭੇਟ ਦੇ ਬਲਦ ਦੋ ਭੇਡੂਆਂ ਅਤੇ ਪਤੀਰੀ ਰੋਟੀ ਦੀ ਟੋਕਰੀ ਸਮੇਤ ਨਾਲ ਲੈ।
- 3 ਅਤੇ ਫ਼ੇਰ ਲੋਕਾਂ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਤੇ ਇਕਠਿਆਂ ਕਰ।
- 4 ਮੂਸਾ ਨੇ ਉਹੀ ਕੀਤਾ ਜਿਸਦਾ ਯਹੋਵਾਹ ਨੇ ਆਦੇਸ਼ ਦਿੱਤਾ ਸੀ। ਲੋਕ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਇਕੱਠੇ ਹੋ ਗਏ।
- 5 ਫ਼ੇਰ ਮੂਸਾ ਨੇ ਲੋਕਾਂ ਨੂੰ ਆਖਿਆ, “ਇਹ ਚੀਜ਼ ਹੈ ਜੋ ਯਹੋਵਾਹ ਨੇ ਹੁਕਮ ਦਿੱਤਾ ਹੈ ਕਿ ਜ਼ਰੂਰ ਕੀਤੀ ਜਾਣੀ ਚਾਹੀਦੀ ਹੈ।”
- 6 ਫ਼ੇਰ ਮੂਸਾ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਲਿਆਇਆ। ਉਸਨੇ ਉਨ੍ਹਾਂ ਨੂੰ ਪਾਣੀ ਨਾਲ ਧੋਤਾ।
- 7 ਫ਼ੇਰ ਮੂਸਾ ਨੇ ਉਣੀ ਹੋਈ ਕਮੀਜ਼ ਹਾਰੂਨ ਨੂੰ ਪਹਿਨਾਈ ਅਤੇ ਉਸਦੇ ਲੱਕ ਦੁਆਲੇ ਪੇਟੀ ਬੰਨ੍ਹੀ। ਫ਼ੇਰ ਉਸਨੇ ਹਾਰੂਨ ਨੂੰ ਚੋਲਾ ਪਹਿਨਾਇਆ। ਇਸਤੋਂ ਮਗਰੋਂ, ਉਸਨੇ ਹਾਰੂਨ ਨੂੰ ਏਫ਼ੋਦ ਪਹਿਨਾਇਆ ਅਤੇ ਇਸ ਨੂੰ ਸੁੰਦਰ ਕਮਰਬੰਦ ਦੇ ਨਾਲ ਬੰਨ੍ਹ ਦਿੱਤਾ।
- 8 ਉਸਨੇ ਉਸਨੂੰ ਸੀਨੇ-ਬੰਦ ਪਹਿਨਾਇਆ ਅਤੇ ਸੀਨੇ-ਬੰਦ ਦੀ ਜੇਬ ਵਿੱਚ ਉਰੀਮ ਅਤੇ ਥੁੰਮੀਮ ਪਾਏ।
- 9 ਉਸਨੇ ਹਾਰੂਨ ਦੇ ਸਿਰ ਤੇ ਅਮਾਮਾ ਵੀ ਰੱਖਿਆ ਅਤੇ ਅਮਾਮੇ ਦੇ ਅਗਲੇ ਪਾਸੇ ਇੱਕ ਸੋਨੇ ਦੀ ਪੱਟੀ ਬੰਨ੍ਹੀ। ਇਹ ਪਵਿੱਤਰ ਤਾਜ ਹੈ। ਮੂਸਾ ਨੇ ਇਹ ਉਵੇਂ ਹੀ ਕੀਤਾ ਜਿਵੇਂ ਯਹੋਵਾਹ ਨੇ ਉਸਨੂੰ ਆਦੇਸ਼ ਦਿੱਤਾ ਸੀ।
- 10 ਫ਼ੇਰ ਮੂਸਾ ਨੇ ਮਸਹ ਕਰਨ ਵਲਾ ਤੇਲ ਲਿਆ ਅਤੇ ਇਸਨੂੰ ਪਵਿੱਤਰ ਤੰਬੂ ਅਤੇ ਇਸ ਵਿਚਲੀਆਂ ਸਾਰੀਆਂ ਚੀਜ਼ਾਂ ਉੱਤੇ ਛਿੜਕਿਆ। ਇਸ ਤਰ੍ਹਾਂ ਮੂਸਾ ਨੇ ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
- 11 ਉਸਨੇ ਮਸਹ ਵਾਲਾ ਕੁਝ ਤੇਲ ਜਗਵੇਦੀ ਉੱਤੇ ਅਤੇ ਇਸਦੇ ਸਾਰੇ ਸੰਦਾਂ ਅਤੇ ਪਲੇਟਾਂ ਉੱਤੇ ਸੱਤ ਵਾਰੀ ਛਿੜਕਿਆ। ਉਸਨੇ ਇਹ ਤੇਲ ਪਾਣੀ ਦੇ ਵੱਡੇ ਹੌਂਦ ਅਤੇ ਉਸਦੀ ਚੌਂਕੀ ਉੱਤੇ ਵੀ ਛਿੜਕਿਆ ਅਤੇ ਇਸ ਤਰ੍ਹਾਂ, ਉਨ੍ਹਾਂ ਨੂੰ ਪਵਿੱਤਰ ਬਣਾ ਦਿੱਤਾ।
- 12 ਫ਼ੇਰ ਉਸਨੇ ਮਸਹ ਵਾਲਾ ਕੁਝ ਤੇਲ ਹਾਰੂਨ ਦੇ ਸਿਰ ਉੱਤੇ ਡੋਲ੍ਹਿਆ। ਇਸ ਤਰ੍ਹਾਂ ਉਸਨੇ ਹਾਰੂਨ ਨੂੰ ਮਸਹ ਕੀਤਾ ਅਤੇ ਉਸਨੂੰ ਪਵਿੱਤਰ ਬਣਾ ਦਿੱਤਾ।
- 13 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਉਨ੍ਹਾਂ ਨੂੰ ਉਣੀਆਂ ਹੋਈਆਂ ਕਮੀਜ਼ਾਂ ਪੁਆਈਆਂ। ਉਨ੍ਹਾਂ ਦੁਆਲੇ ਪੇਟੀਆਂ ਬਂਨ੍ਹੀਆਂ ਅਤੇ ਉਨ੍ਹਾਂ ਦੇ ਸਿਰਾਂ ਉੱਤੇ ਟੋਪੀਆਂ ਪਾਈਆਂ। ਮੂਸਾ ਨੇ ਇਹ ਗੱਲਾਂ ਉਸੇ ਤਰ੍ਹਾਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
- 14 ਫ਼ੇਰ ਮੂਸਾ ਨੇ ਪਾਪ ਦੀ ਭੇਟ ਦਾ ਬਲਦ ਲਿਆਂਦਾ। ਹਾਰੂਨ ਤੇ ਉਸਦੇ ਪੁੱਤਰਾਂ ਨੇ ਪਾਪ ਦੀ ਭੇਟ ਦੇ ਬਲਦ ਦੇ ਸਿਰ ਤੇ ਆਪਣੇ ਹੱਥ ਰੱਖੇ।
- 15 ਫ਼ੇਰ ਉਸਨੇ ਬਲਦ ਨੂੰ ਮਾਰਕੇ ਇਸਦਾ ਖੂਨ ਇਕਠਾ ਕਰ ਲਿਆ। ਉਸਨੇ ਆਪਣੀ ਉਂਗਲੀ ਦੀ ਵਰਤੋਂ ਕੀਤੀ ਅਤੇ ਕੁਝ ਖੂਨ ਜਗਵੇਦੀ ਦੇ ਸਾਰੇ ਕੋਨਿਆਂ ਤੇ ਲੇਪ ਦਿੱਤਾ। ਇਸ ਤਰ੍ਹਾਂ, ਉਸਨੇ ਜਗਵੇਦੀ ਨੂੰ ਸ਼ੁਧ ਕਰ ਦਿੱਤਾ। ਫ਼ੇਰ ਉਸਨੇ ਜਗਵੇਦੀ ਦੇ ਥੜੇ ਉੱਤੇ ਖੂਨ ਡੋਲ੍ਹ ਦਿੱਤਾ। ਇਸ ਤਰ੍ਹਾਂ, ਉਸਨੇ ਜਗਵੇਦੀ ਨੂੰ ਪਵਿੱਤਰ ਅਤੇ ਵਰਤੋਂ ਦੇ ਲਾਇਕ ਬਣਾ ਦਿੱਤਾ।
- 16 ਉਸਨੇ ਬਲਦ ਦੇ ਅੰਦਰਲੇ ਅੰਗਾਂ ਵਿੱਚੋਂ ਸਾਰੀ ਚਰਬੀ, ਕਲੇਜੀ ਦਾ ਚਰਬੀ ਵਾਲਾ ਹਿੱਸਾ ਦੋਹਾਂ ਗੁਰਦਿਆਂ ਸਮੇਤ ਅਤੇ ਉਸ ਉੱਪਰਲੀ ਚਰਬੀ ਲਈ। ਫ਼ੇਰ ਉਸਨੇ ਉਨ੍ਹਾਂ ਨੂੰ ਜਗਵੇਦੀ ਉੱਤੇ ਸਾੜਿਆ।
- 17 ਪਰ ਮੂਸਾ ਬਲਦ ਦੀ ਚਮੜੀ ਅਤੇ ਇਸ ਦਾ ਬਚਿਆ ਹੋਇਆ ਸ਼ਰੀਰ ਅਤੇ ਇਸਦੀ ਰਹਿੰਦ ਖੁੰਹਦ ਨੂੰ ਡੇਰੇ ਤੋਂ ਬਾਹਰ ਲੈ ਆਇਆ ਅਤੇ ਇਨ੍ਹਾਂ ਚੀਜ਼ਾਂ ਨੂੰ ਸਾੜ ਦਿੱਤਾ। ਉਸਨੇ ਇਹ ਗੱਲਾਂ ਉਵੇਂ ਹੀ ਕੀਤੀਆਂ ਜਿਵੇਂ ਯਹੋਵਾਹ ਨੇ ਆਦੇਸ਼ ਦਿੱਤਾ ਸੀ।
- 18 ਫ਼ੇਰ ਮੂਸਾ ਹੋਮ ਦੀ ਭੇਟ ਦੇ ਭੇਡੂ ਨੂੰ ਲੈ ਆਇਆ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਆਪਣੇ ਹੱਥ ਭੇਡੂ ਦੇ ਸਿਰ ਉੱਤੇ ਰੱਖੇ।
- 19 ਫ਼ੇਰ ਉਸਨੇ ਭੇਡੂ ਨੂੰ ਜਿਬਹ ਕੀਤਾ ਅਤੇ ਉਸਨੇ ਖੂਨ ਨੂੰ ਜਗਵੇਦੀ ਦੇ ਸਾਰੀ ਪਾਸੀਂ ਛਿੜਕ ਦਿੱਤਾ।
- 20 ਮੂਸਾ ਨੇ ਭੇਡੂ ਦੇ ਟੋਟੇ ਕੀਤੇ। ਮੂਸਾ ਨੇ ਅੰਦਰਲੇ ਹਿਸਿਆਂ ਅਤੇ ਲੱਤਾਂ ਨੂੰ ਪਾਣੀ ਨਾਲ ਸਾਫ਼ ਕੀਤਾ। ਫ਼ੇਰ ਮੂਸਾ ਨੇ ਪੂਰੇ ਭੇਡੂ ਨੂੰ ਜਗਵੇਦੀ ਉੱਤੇ ਸਾੜ ਦਿੱਤਾ। ਮੂਸਾ ਨੇ ਸਿਰੀ, ਟੁਕੜਿਆਂ ਅਤੇ ਚਰਬੀ ਨੂੰ ਸਾੜਿਆ। ਇਹ ਅੱਗ ਨਾਲ ਭੇਟ ਕੀਤੀ ਹੋਮ ਦੀ ਭੇਟ ਸੀ। ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕੀਤਾ। ਮੂਸਾ ਨੇ ਇਹ ਗੱਲਾਂ ਉਵੇਂ ਕੀਤੀਆਂ ਜਿਵੇਂ ਯਹੋਵਾਹ ਨੇ ਹੁਕਮ ਕੀਤਾ ਸੀ।
- 21
- 22 ਫ਼ੇਰ ਮੂਸਾ ਦੂਸਰੇ ਭੇਡੂ ਨੂੰ ਲਿਆਇਆ। ਇਸ ਭੇਡੂ ਨੂੰ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕ ਬਨਾਉਣ ਵਾਸਤੇ ਮਸਹ ਕਰਨ ਲਈ ਵਰਤਿਆ ਗਿਆ। ਹਾਰੂਨ ਅਤੇ ਉਸਦੇ ਪੁੱਤਰਾਂ ਨੇ ਭੇਡੂ ਦੇ ਸਿਰ ਉੱਤੇ ਆਪਣੇ ਹੱਥ ਰੱਖੇ।
- 23 ਫ਼ੇਰ ਉਸਨੇ ਭੇਡੂ ਨੂੰ ਮਾਰਕੇ ਇਸਦਾ ਕੁਝ ਖੂਨ ਹਾਰੂਨ ਦੇ ਸੱਜੇ ਕੰਨ ਦੀ ਪਿਪਲੀ ਉੱਤੇ, ਉਸਦੇ ਸੱਜੇ ਹੱਥ ਦੇ ਅੰਗੂਠੇ ਉੱਤੇ ਅਤੇ ਉਸਦੇ ਸੱਜੇ ਪੈਰ ਦੇ ਅੰਗੂਠੇ ਉੱਤੇ ਲਾਇਆ।
- 24 ਫ਼ੇਰ ਉਹ ਹਾਰੂਨ ਦੇ ਪੁੱਤਰਾਂ ਨੂੰ ਲਿਆਇਆ ਅਤੇ ਕੁਝ ਖੂਨ ਉਨ੍ਹਾਂ ਦੇ ਸੱਜੇ ਕੰਨਾਂ ਦੀਆਂ ਪਿਪਲੀਆਂ ਉੱਤੇ, ਉਨ੍ਹਾਂ ਦੇ ਸੱਜੇ ਹੱਥਾਂ ਦੇ ਅੰਗੂਠਿਆਂ ਉੱਤੇ ਅਤੇ ਉਨ੍ਹਾਂ ਦੇ ਸੱਜੇ ਪੈਰਾਂ ਦੇ ਅੰਗੂਠਿਆਂ ਉੱਤੇ ਲਾਇਆ। ਫ਼ੇਰ ਉਸਨੇ ਜਗਵੇਦੀ ਦੇ ਉੱਤੇ ਅਤੇ ਆਸੇ-ਪਾਸੇ ਖੂਨ ਡੋਲ੍ਹਿਆ।
- 25 ਮੂਸਾ ਨੇ ਚਰਬੀ ਲਈ, ਚਰਬੀ ਵਾਲੀ ਪੂਛ, ਅੰਦਰਲੇ ਅੰਗਾਂ ਦੀ ਸਾਰੀ ਚਰਬੀ, ਕਲੇਜੀ ਤੇ ਚੜੀ ਹੋਈ ਚਰਬੀ, ਦੋਵੇਂ ਗੁਰਦੇ ਅਤੇ ਉਨ੍ਹਾਂ ਦੀ ਚਰਬੀ ਅਤੇ ਸੱਜਾ ਪੱਟ ਲਿਆ।
- 26 ਪਤੀਰੀ ਰੋਟੀ ਦੀ ਇੱਕ ਟੋਕਰੀ ਹਰ ਰੋਜ਼ ਯਹੋਵਾਹ ਅੱਗੇ ਰੱਖੀ ਜਾਂਦੀ ਹੈ। ਮੂਸਾ ਨੇ ਉਨ੍ਹਾਂ ਰੋਟੀਆਂ ਵਿੱਚੋਂ ਇੱਕ ਰੋਟੀ ਲਈ, ਅਤੇ ਇੱਕ ਰੋਟੀ ਤੇਲ ਨਾਲ ਚੋਪੜੀ ਹੋਈ, ਅਤੇ ਇੱਕ ਪਤੀਰੀ ਮਠੀ ਲਈ। ਮੂਸਾ ਨੇ ਰੋਟੀਆਂ ਦੇ ਉਹ ਟੁਕੜੇ ਭੇਡੂ ਦੇ ਸੱਜੇ ਪੱਟ ਅਤੇ ਚਰਬੀ ਉੱਤੇ ਰੱਖ ਦਿੱਤੇ।
- 27 ਫ਼ੇਰ ਮੂਸਾ ਨੇ ਉਹ ਸਾਰੀਆਂ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਉੱਤੇ ਧਰ ਦਿੱਤੀਆਂ। ਮੂਸਾ ਨੇ ਇਨ੍ਹਾਂ ਟੁਕੜਿਆਂ ਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀਆਂ ਭੇਟਾਂ ਵਜੋਂ ਹਿਲਾਇਆ।
- 28 ਫ਼ੇਰ ਉਸਨੇ ਇਹ ਚੀਜ਼ਾਂ ਹਾਰੂਨ ਅਤੇ ਉਸਦੇ ਪੁੱਤਰਾਂ ਦੇ ਹੱਥਾਂ ਵਿੱਚੋਂ ਵਾਪਸ ਲੈ ਲਈਆਂ ਅਤੇ ਇਨ੍ਹਾਂ ਨੂੰ ਜਗਵੇਦੀ ਉੱਤੇ ਹੋਮ ਦੀ ਭੇਟ ਦੇ ਨਾਲ ਸਾੜਿਆ। ਇਹ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਜਾਜਕਾਂ ਵਜੋਂ ਮਸਹ ਕਰਨ ਲਈ ਚੜਾਵਾ ਸੀ। ਇਹ ਅੱਗ ਦੁਆਰਾ ਦਿੱਤਾ ਗਿਆ ਚੜਾਵਾ ਸੀ ਅਤੇ ਇਸਦੀ ਸੁਗੰਧ ਨੇ ਯਹੋਵਾਹ ਨੂੰ ਪ੍ਰਸੰਨ ਕਰ ਦਿੱਤਾ।
- 29 ਮੂਸਾ ਨੇ ਸੀਨਾ ਲਿਆ ਅਤੇ ਇਸਨੂੰ ਯਹੋਵਾਹ ਦੇ ਅੱਗੇ ਹਿਲਾਉਣ ਦੀ ਭੇਟ ਵਜੋਂ ਹਿਲਾਇਆ। ਇਹ ਮੂਸਾ ਦਾ ਜਾਜਕਾਂ ਨੂੰ ਮਸਹ ਕਰਨ ਦੀ ਰਸਮ ਦਾ ਇੱਕ ਹਿੱਸਾ ਸੀ। ਇਹ ਉਸੇ ਤਰ੍ਹਾਂ ਸੀ ਜਿਵੇਂ ਮੂਸਾ ਨੂੰ ਯਹੋਵਾਹ ਨੇ ਹੁਕਮ ਕੀਤਾ ਸੀ।
- 30 ਮੂਸਾ ਨੇ ਕੁਝ ਕੁ ਮਸਹ ਕਰਨ ਵਾਲਾ ਤੇਲ ਲਿਆ ਅਤੇ ਜਗਵੇਦੀ ਉੱਪਰਲਾ ਕੁਝ ਖੂਨ ਲਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਅਤੇ ਹਾਰੂਨ ਦੇ ਵਸਤਰਾਂ ਉੱਤੇ ਛਿੜਕਿਆ। ਮੂਸਾ ਨੇ ਇਸ ਵਿੱਚੋਂ ਕੁਝ ਹਾਰੂਨ ਦੇ ਪੁੱਤਰਾਂ ਅਤੇ ਉਨ੍ਹਾਂ ਦੇ ਵਸਤਰਾਂ ਉੱਤੇ ਛਿੜਕਿਆ। ਜਿਹੜੇ ਹਾਰੂਨ ਦੇ ਨਾਲ ਸਨ। ਇਸ ਤਰ੍ਹਾਂ ਮੂਸਾ ਨੇ ਹਾਰੂਨ, ਉਸਦੇ ਵਸਤਰਾਂ, ਉਸਦੇ ਪੁੱਤਰਾਂ ਅਤੇ ਉਸਦੇ ਪੁੱਤਰਾਂ ਦੇ ਵਸਤਰਾਂ ਨੂੰ ਪਵਿੱਤਰ ਬਣਾ ਦਿੱਤਾ।
- 31 ਫ਼ੇਰ ਮੂਸਾ ਨੇ ਹਾਰੂਨ ਅਤੇ ਉਸਦੇ ਪੁੱਤਰਾਂ ਨੂੰ ਆਖਿਆ, “ਜਿਵੇਂ ਮੈਂ ਹੁਕਮ ਦਿੱਤਾ ਸੀ, ‘ਹਾਰੂਨ ਤੇ ਉਸਦੇ ਪੁੱਤਰਾਂ ਨੂੰ ਇਹ ਚੀਜ਼ਾਂ ਖਾਣੀਆਂ ਚਾਹੀਦੀਆਂ।’ ਇਸ ਲਈ ਰੋਟੀਆਂ ਵਾਲੀ ਟੋਕਰੀ ਅਤੇ ਜਾਜਕ ਚੁਨਣ ਦੀ ਰਸਮ ਦਾ ਮਾਸ ਲੈ ਲਵੋ। ਉਸ ਮਾਸ ਨੂੰ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਕੋਲ ਉਬਾਲੋ ਅਤੇ ਮਾਸ ਤੇ ਰੋਟੀ ਨੂੰ ਉਸ ਥਾਂ ਉੱਤੇ ਖਾਉ।
- 32 ਜੇ ਮਾਸ ਜਾਂ ਰੋਟੀ ਵਿੱਚੋਂ ਕੁਝ ਬਚ ਜਾਵੇ ਤਾਂ ਇਸਨੂੰ ਸਾੜ ਦਿਉ।
- 33 ਜਾਜਕਾਂ ਨੂੰ ਚੁਨਣ ਦੀ ਰਸਮ ਸੱਤ ਦਿਨਾਂ ਤੱਕ ਚੱਲੇਗੀ। ਜਦੋਂ ਤੱਕ ਇਹ ਸਮਾਂ ਖਤਮ ਨਹੀਂ ਹੋ ਜਾਂਦਾ ਤੁਹਾਨੂੰ ਮੰਡਲੀ ਵਾਲੇ ਤੰਬੂ ਦਾ ਪ੍ਰਵੇਸ਼ ਦੁਆਰ ਨਹੀਂ ਛੱਡਣਾ ਚਾਹੀਦਾ।
- 34 ਜਿਹੜੀਆਂ ਗੱਲਾਂ ਅੱਜ ਹੋਈਆਂ ਹਨ ਯਹੋਵਾਹ ਨੇ ਤੁਹਾਡੇ ਲਈ ਪਰਾਸਚਿਤ ਕਰਨ ਲਈ ਉਨ੍ਹਾਂ ਨੂੰ ਕਰਨ ਦਾ ਆਦੇਸ਼ ਦਿੱਤਾ ਹੈ।
- 35 ਤੁਹਾਨੂੰ ਸੱਤਾਂ ਦਿਨਾਂ ਤੱਕ ਦਿਨ ਰਾਤ ਮੰਡਲੀ ਵਾਲੇ ਤੰਬੂ ਦੇ ਪ੍ਰਵੇਸ਼ ਦੁਆਰ ਉੱਤੇ ਰਹਿਣਾ ਪਵੇਗਾ। ਜੇ ਤੁਸੀਂ ਯਹੋਵਾਹ ਦੇ ਹੁਕਮਾਂ ਦੀ ਪਾਲਣਾ ਨਹੀਂ ਕਰੋਂਗੇ ਤਾਂ ਤੁਸੀਂ ਮਰ ਜਾਉਂਗੇ। ਯਹੋਵਾਹ ਨੇ ਮੈਨੂੰ ਇਹ ਹੁਕਮ ਦਿੱਤੇ ਸਨ।”
- 36 ਇਸ ਲਈ ਹਾਰੂਨ ਅਤੇ ਉਸਦੇ ਪੁੱਤਰਾਂ ਨੇ ਉਹ ਸਾਰੀਆਂ ਗੱਲਾਂ ਕੀਤੀਆਂ ਜਿਨ੍ਹਾਂ ਦਾ ਯਹੋਵਾਹ ਨੇ ਮੂਸਾ ਨੂੰ ਹੁਕਮ ਦਿੱਤਾ ਸੀ।
Leviticus 08
- Details
- Parent Category: Old Testament
- Category: Leviticus
ਅਹਬਾਰ ਕਾਂਡ 8