- 1 ਯਹੋਵਾਹ, ਮੈਂ ਤੁਹਾਡੇ ਵਿੱਚ ਸ਼ਰਨ ਲਈ ਹੈ। ਇਸ ਲਈ ਮੈਂ ਕਦੀ ਵੀ ਨਿਰਾਸ਼ ਨਹੀਂ ਹੋਵਾਂਗਾ।
- 2 ਆਪਣੀ ਚੰਗਿਆਈ ਕਾਰਣ, ਤੁਸੀਂ ਮੈਨੂੰ ਬਚਾਵੋਂਗੇ। ਤੁਸੀਂ ਮੈਨੂੰ ਮੁਸ਼ਕਿਲ ਵਿੱਚੋਂ ਕਢੋਂਗੇ, ਮੇਰੀ ਗੱਲ ਸੁਣੋ ਮੈਨੂੰ ਬਚਾਉ।
- 3 ਮੇਰਾ ਕਿਲ੍ਹਾ ਬਣਾਉ, ਅਤੇ ਉਹ ਘਰ ਜਿਸ ਵਿੱਚ ਮੈਂ ਸੁਰਖਿਆ ਲਈ ਨਸ੍ਸਕੇ ਆ ਵੜਾਂ। ਤੁਸੀਂ ਮੇਰੀ ਓਟ ਹੋ ਮੇਰਾ ਸੁਰਖਿਅਤ ਟਿਕਾਣਾ। ਇਸ ਲਈ ਮੇਰੀ ਸੁਰਖਿਆ ਦਾ ਨਿਰਦੇਸ਼ ਦੇ ਦੇਵੋ।
- 4 ਮੇਰੇ ਪਰਮੇਸ਼ੁਰ, ਮੈਨੂੰ ਬੁਰੇ ਬੰਦਿਆਂ ਤੋਂ ਬਚਾਉ। ਮੈਨੂੰ ਜ਼ਾਲਮ ਬਦ ਲੋਕਾਂ ਤੋਂ ਬਚਾਉ।
- 5 ਮੇਰੇ ਮਾਲਕ, ਤੁਸੀਂ ਮੇਰੀ ਆਸ ਹੋਂ। ਮੈਂ ਤੁਹਾਡੇ ਉੱਪਰ ਉਦੋਂ ਤੋਂ ਵਿਸ਼ਵਾਸ ਕੀਤਾ ਹੈ ਜਦੋਂ ਹਾਲੇ ਮੈਂ ਨੌਜਵਾਨ ਸਾਂ।
- 6 ਜਨਮ ਤੋਂ ਪਹਿਲਾਂ ਵੀ ਮੈਂ ਤੁਹਾਡੇ ਉੱਤੇ ਭਰੋਸਾ ਕੀਤਾ। ਆਪਣੀ ਮਾਂ ਦੇ ਗਰਭ ਵਿੱਚ ਵੀ ਮੈਂ ਤੁਹਾਡੇ ਉੱਤੇ ਨਿਰਭਰ ਸਾਂ। ਮੈਂ ਹਮੇਸ਼ਾ ਤੁਹਾਨੂੰ ਪ੍ਰਾਰਥਨਾ ਕੀਤੀ ਹੈ।
- 7 ਤੁਸੀਂ ਹੀ ਮੇਰੀ ਸ਼ਕਤੀ ਦੇ ਸਾਧਨ ਹੋਂ। ਇਸੇ ਲਈ ਮੈਂ ਹੋਰਾਂ ਲਈ ਮਿਸਾਲ ਬਣਿਆ ਹਾਂ।
- 8 ਮੈਂ ਹਮੇਸ਼ਾ ਤੁਹਾਡੇ ਕੀਤੇ ਅਦਭੁਤ ਕਾਰਿਆਂ ਬਾਰੇ ਗਾਉਂਦਾ ਰਿਹਾ ਹਾਂ।
- 9 ਮੈਨੂੰ ਇਸ ਲਈ ਦੂਰ ਨਾ ਸੁੱਟੋ ਕਿ ਮੈਂ ਬੁਢਾ ਹਾਂ। ਮੈਨੂੰ ਉਦੋਂ ਛੱਡਕੇ ਨਾ ਜਾਉ ਜਦੋਂ ਮੈਂ ਕਮਜ਼ੋਰ ਹੋ ਰਿਹਾ ਹਾਂ।
- 10 ਮੇਰੇ ਵੈਰੀਆਂ ਨੇ ਮੇਰੇ ਲਈ ਛੜਯਂਤਰ ਰਚੇ ਹਨ। ਉਹ ਲੋਕ ਸੱਚ ਮੁੱਚ ਇਕਠੇ ਹੋਏ ਸਨ ਅਤੇ ਉਨ੍ਹਾਂ ਨੇ ਮੈਨੂੰ ਮਾਰਨ ਦੀ ਯੋਜਨਾ ਬਣਾਈ।
- 11 ਮੇਰੇ ਵੈਰੀਆਂ ਆਖਿਆ, "ਜਾਓ, ਉਸਨੂੰ ਫ਼ੜੋ ਪਰਮੇਸ਼ੁਰ ਨੇ ਉਸਨੂੰ ਛੱਡ ਦਿੱਤਾ ਹੈ। ਤੇ ਕੋਈ ਵੀ ਬੰਦਾ ਉਸਦੀ ਸਹਾਇਤਾ ਨਹੀਂ ਕਰੇਗਾ।"
- 12 ਹੇ ਪਰਮੇਸ਼ੁਰ, ਮੈਨੂੰ ਛੱਡਕੇ ਨਾ ਜਾਉ। ਹੇ ਪਰਮੇਸ਼ੁਰ, ਛੇਤੀ ਕਰੋ। ਆਉ ਮੈਨੂੰ ਬਚਾਉ।
- 13 ਮੇਰੇ ਵੈਰੀਆਂ ਨੂੰ ਹਰਾ ਦਿਉ, ਉਨ੍ਹਾਂ ਨੂੰ ਪੂਰੀ ਤਰ੍ਹਾਂ ਤਬਾਹ ਕਰ ਦਿਉ। ਉਹ ਮੈਨੂੰ ਦੁੱਖ ਦੇਣ ਦੀ ਕੋਸ਼ਿਸ਼ ਕਰ ਰਹੇ ਹਨ। ਮੈਨੂੰ ਆਸ ਹੈ ਉਹ ਸ਼ਰਮ ਅਤੇ ਬੇਇੱਜ਼ਤੀ ਮਹਿਸੂਸ ਕਰਨਗੇ।
- 14 ਫ਼ੇਰ, ਮੈਂ ਹੇਮਸ਼ਾ ਤੁਹਾਡੇ ਵਿੱਚ ਯਕੀਨ ਰਖਾਂਗਾ ਅਤੇ ਵਧ ਤੋਂ ਵਧ ਤੇਰੀ ਉਸਤਤਿ ਕਰਾਂਗਾ।
- 15 ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਕਿੰਨੇ ਚੰਗੇ ਹੋ। ਮੈਂ ਲੋਕਾਂ ਨੂੰ ਦੱਸਾਂਗਾ ਕਿ ਤੁਸੀਂ ਮੈਨੂੰ ਕਿੰਨੀ ਵਾਰੀ ਬਚਾਇਆ। ਇਹ ਅਣਗਿਣਤ ਵਾਰੀ ਵਾਪਰਿਆ।
- 16 ਮੈਂ ਤੁਹਾਡੀ ਮਹਾਨਤਾ ਬਾਰੇ ਦੱਸਾਂਗਾ, ਯਹੋਵਾਹ ਮੇਰੇ ਮਾਲਕ। ਮੈਂ ਸਿਰਫ਼ ਤੇਰੀ ਅਤੇ ਤੇਰੀ ਚੰਗਿਆਈ ਬਾਰੇ ਗੱਲ ਕਰਾਂਗਾ।
- 17 ਹੇ ਪਰਮੇਸ਼ੁਰ, ਤੁਸੀਂ ਮੈਨੂੰ ਉਦੋਂ ਤੋਂ ਸਿਖਿਆ ਦਿੱਤੀ ਹੈ ਜਦੋਂ ਮੈਂ ਹਾਲੇ ਜਵਾਨ ਮੁੰਡਾ ਸਾਂ। ਅਤੇ ਅੱਜ ਦੇ ਦਿਨ ਤੱਕ ਵੀ ਮੈਂ ਲੋਕਾਂ ਨੂੰ ਤੁਹਾਡੇ ਅਦਭੁਤ ਕਾਰਜਾਂ ਬਾਰੇ ਦੱਸਿਆ ਹੈ।
- 18 ਹੁਣ ਮੈਂ ਬੁਢਾ ਹਾਂ ਅਤੇ ਮੇਰੇ ਵਾਲ ਧੌਲੇ ਹਨ। ਪਰ ਹੇ ਪਰਮੇਸ਼ੁਰ ਮੈਂ ਜਾਣਦਾ ਹਾਂ ਕਿ ਤੂੰ ਮੈਨੂੰ ਨਹੀਂ ਛੱਡੇਂਗਾ। ਮੈਂ ਤੁਹਾਡੀ ਸ਼ਕਤੀ ਅਤੇ ਮਹਾਨਤਾ ਬਾਰੇ ਹਰ ਨਵੀਂ ਪੀੜੀ ਨੂੰ ਦੱਸਾਂਗਾ।
- 19 ਹੇ ਪਰਮੇਸ਼ੁਰ, ਤੁਹਾਡੀ ਮਹਾਨਤਾ ਅਕਾਸ਼ਾਂ ਤੱਕ ਪਹੁੰਚਦੀ ਹੈ। ਹੇ ਪਰਮੇਸ਼ੁਰ ਕੋਈ ਵੀ ਦੇਵਤਾ ਤੇਰੇ ਵਰਗਾ ਨਹੀਂ ਹੈ। ਤੁਸਾਂ ਮਹਾਨ ਅਤੇ ਅਦਭੁਤ ਗੱਲਾਂ ਕੀਤੀਆਂ ਹਨ।
- 20 ਤੁਸੀਂ ਮੈਨੂੰ ਮੂਸੀਬਤਾਂ ਅਤੇ ਬੁਰੇ ਵਕਤ ਵਿਖਾਏ, ਪਰ ਤੂੰ ਮੇਰੀ ਉਨ੍ਹਾਂ ਸਭ ਤੋਂ ਰੱਖਿਆ ਕੀਤੀ, ਅਤੇ ਮੈਨੂੰ ਜਿਉਂਦਿਆਂ ਰੱਖਿਆ। ਇਸ ਨਾਲ ਕੋਈ ਫ਼ਰਕ ਨਹੀਂ ਪੈਂਦਾ ਕਿ ਮੈਂ ਕਿੰਨਾ ਡੂੰਘਾ ਡੁਬਿਆ, ਤੁਸੀਂ ਮੈਨੂੰ ਮੇਰੀਆਂ ਮੁਸੀਬਤਾਂ ਤੋਂ ਬਾਹਰ ਕਢ ਲਿਆ।
- 21 ਤੁਸੀਂ ਪਹਿਲਾਂ ਨਾਲੋਂ ਵੱਡੇਰੀਆਂ ਗੱਲਾਂ ਕਰਨ ਵਿੱਚ ਮੇਰੀ ਸਹਾਇਤਾ ਕਰੋ। ਮੈਨੂੰ ਸੁਕੂਨ ਪਹੁੰਚਾਉਂਦੇ ਰਹੋ।
- 22 ਮੈਂ ਸਾਜ਼ ਵਜਾਵਾਂਗਾ ਅਤੇ ਤੁਹਾਡੀ ਉਸਤਤਿ ਕਰਾਂਗਾ, ਮੇਰੇ ਪਰਮੇਸ਼ੁਰ, ਮੈਂ ਗਾਵਾਂਗਾ ਕਿ ਤੁਹਾਡੇ ਉੱਤੇ ਇਤਬਾਰ ਕੀਤਾ ਜਾ ਸਕਦਾ ਹੈ। ਮੈਂ ਆਪਣੀ ਸਾਰੰਗੀ ਨਾਲ ਇਸਰਾਏਲ ਦੇ ਪਵਿੱਤਰ ਯਹੋਵਾਹ ਲਈ ਗੀਤ ਗਾਵਾਂਗਾ।
- 23 ਤੁਸੀਂ ਮੇਰੀ ਆਤਮਾ ਨੂੰ ਬਚਾਇਆ। ਮੇਰੀ ਆਤਮਾ ਖੁਸ਼ ਹੋਵੇਗੀ। ਮੈਂ ਆਪਣੇ ਬੁਲ੍ਹਾਂ ਨਾਲ ਉਸਤਤਿ ਦੇ ਗੀਤ ਗਾਵਾਂਗਾ।
- 24 ਮੇਰੀ ਜ਼ੁਬਾਨ ਸਦਾ ਤੁਹਾਡੀ ਚੰਗਿਆਈ ਬਾਰੇ ਗਾਵੇਗੀ ਅਤੇ ਉਹ ਲੋਕ ਜਿਹੜੇ ਮੈਨੂੰ ਮਾਰਨਾ ਚਾਹੁੰਦੇ ਹਨ ਹਾਰ ਜਾਣਗੇ ਅਤੇ ਬੇਇੱਜ਼ਤ ਹੋਣਗੇ।
Psalms 071
- Details
- Parent Category: Old Testament
- Category: Psalms
ਜ਼ਬੂਰ ਕਾਂਡ 71