00:00/00:00
- 1 ਪਤਰਸ ਅਤੇ ਯੂਹੰਨਾ ਪ੍ਰਾਰਥਨਾ ਕਰਨ ਦੇ ਵੇਲੇ ਤੀਏ ਪਹਿਰ ਹੈਕਲ ਨੂੰ ਚੱਲੇ ਜਾਂਦੇ ਸਨ।
- 2 ਅਤੇ ਲੋਕ ਇੱਕ ਜਮਾਂਦਰੂ ਲੰਙੇ ਨੂੰ ਚੁੱਕੀ ਲਈ ਜਾਂਦੇ ਸਨ ਜਿਹ ਨੂੰ ਰੋਜ਼ ਹੈਕਲ ਦੇ ਫਾਟਕ ਕੋਲ ਜਿਹੜਾ ਸੋਹਣਾ ਸੱਦੀਦਾ ਹੈ ਬਹਾਲ ਦਿੰਦੇ ਸਨ ਭਈ ਉਹ ਹੈਕਲ ਵਿੱਚ ਜਾਣ ਵਾਲਿਆਂ ਤੋਂ ਭਿੱਛਿਆ ਮੰਗੇ।
- 3 ਜਾਂ ਉਹ ਨੇ ਪਤਰਸ ਅਤੇ ਯੂਹੰਨਾ ਨੂੰ ਹੈਕਲ ਵੱਲ ਜਾਂਦਿਆਂ ਵੇਖਿਆ ਤਾਂ ਉਨ੍ਹਾਂ ਤੋਂ ਭਿੱਛਿਆ ਮੰਗੀ।
- 4 ਤਦੋਂ ਪਤਰਸ ਨੇ ਯੂਹੰਨਾ ਨਾਲ ਉਹ ਨੂੰ ਧਿਆਨ ਨਾਲ ਵੇਖ ਕੇ ਆਖਿਆ ਕਿ ਸਾਡੀ ਵੱਲ ਵੇਖ !
- 5 ਤਾਂ ਉਹ ਨੇ ਉਨ੍ਹਾਂ ਕੋਲੋਂ ਕੁਝ ਲੱਭਣ ਦੀ ਆਸਾ ਕਰਕੇ ਉਨ੍ਹਾਂ ਵੱਲ ਧਿਆਨ ਕੀਤਾ।
- 6 ਪਰ ਪਤਰਸ ਨੇ ਆਖਿਆ, ਸੋਨਾ ਚਾਂਦੀ ਤਾਂ ਮੇਰੇ ਕੋਲ ਨਹੀਂ ਪਰ ਜੋ ਮੇਰੇ ਕੋਲ ਹੈ ਸੋ ਤੈਨੂੰ ਦਿੰਦਾ ਹਾਂ। ਯਿਸੂ ਮਸੀਹ ਨਾਸਰੀ ਦੇ ਨਾਮ ਨਾਲ ਤੁਰ ਫਿਰ !
- 7 ਤਾਂ ਉਸ ਨੇ ਉਹ ਦਾ ਸੱਜਾ ਹੱਥ ਫੜ ਕੇ ਉਹ ਨੂੰ ਉਠਾਲਿਆ। ਓਸੇ ਵੇਲੇ ਉਹ ਦੇ ਪੈਰ ਅਰ ਗਿੱਟੇ ਤਕੜੇ ਹੋ ਗਏ।
- 8 ਅਤੇ ਉਹ ਕੁੱਦ ਕੇ ਉੱਠ ਖੜਾ ਹੋਇਆ ਅਰ ਤੁਰਨ ਲੱਗਾ ਅਰ ਤੁਰਦਾ ਅਤੇ ਛਾਲਾਂ ਮਾਰਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਹੋਇਆ ਉਨ੍ਹਾਂ ਨਾਲ ਹੈਕਲ ਵਿੱਚ ਗਿਆ।
- 9 ਸਭਨਾਂ ਲੋਕਾਂ ਨੇ ਉਹ ਨੂੰ ਤੁਰਦਾ ਅਤੇ ਪਰਮੇਸ਼ੁਰ ਦੀ ਉਸਤਤ ਕਰਦਾ ਵੇਖਿਆ।
- 10 ਅਤੇ ਉਹ ਨੂੰ ਪਛਾਣ ਲਿਆ ਭਈ ਇਹ ਉਹੋ ਹੈ ਜਿਹੜਾ ਹੈਕਲ ਦੇ ਸੋਹਣੇ ਫਾਟਕ ਉੱਤੇ ਭਿੱਛਿਆ ਮੰਗਣ ਨੂੰ ਬਹਿੰਦਾ ਹੁੰਦਾ ਸੀ ਅਤੇ ਜੋ ਉਹ ਦੇ ਨਾਲ ਹੋਇਆ ਸੀ ਓਹ ਉਸ ਤੋਂ ਡਾਢੇ ਹੈਰਾਨ ਹੋਏ ਅਤੇ ਅਚਰਜ ਮੰਨਿਆ।
- 11 ਜਿਸ ਵੇਲੇ ਉਹ ਪਤਰਸ ਅਤੇ ਯੂਹੰਨਾ ਨੂੰ ਚਿੰਬੜਦਾ ਜਾਂਦਾ ਸੀ ਸਾਰੇ ਲੋਕ ਬਹੁਤ ਦੰਗ ਹੋਏ ਹੋਏ ਉਸ ਦਲਾਨ ਵਿੱਚ ਜਿਹੜਾ ਸੁਲੇਮਾਨ ਦਾ ਸੱਦੀਦਾ ਹੈ ਉਨ੍ਹਾਂ ਕੋਲ ਦੌੜੇ ਆਏ।
- 12 ਇਹ ਵੇਖ ਕੇ ਪਤਰਸ ਨੇ ਲੋਕਾਂ ਨੂੰ ਅੱਗੋਂ ਆਖਿਆ ਕਿ ਹੇ ਇਸਰਾਏਲੀਓ, ਐਸ ਮਨੁੱਖ ਉੱਤੇ ਤੁਸੀਂ ਕਿਉਂ ਅਚਰਜ ਮੰਨਦੇ ਹੋ ਅਤੇ ਸਾਡੀ ਵੱਲ ਇਉਂ ਕਾਹਨੂੰ ਤੱਕ ਰਹੇ ਹੋ ਭਈ ਜਾਣੀਦਾ ਅਸਾਂ ਆਪਣੀ ਸਮਰੱਥਾ ਯਾ ਭਗਤੀ ਨਾਲ ਇਹ ਨੂੰ ਤੁਰਨ ਦੀ ਸ਼ਕਤੀ ਦਿੱਤੀ ?
- 13 ਅਬਰਾਹਾਮ ਅਤੇ ਇਸਹਾਕ ਅਤੇ ਯਾਕੂਬ ਦੇ ਪਰਮੇਸ਼ੁਰ ਨੇ ਅਰਥਾਤ ਸਾਡੇ ਪਿਉ ਦਾਦਿਆਂ ਦੇ ਪਰਮੇਸ਼ੁਰ ਨੇ ਆਪਣੇ ਸੇਵਕ ਯਿਸੂ ਦੀ ਵਡਿਆਈ ਕੀਤੀ ਜਿਹ ਨੂੰ ਤੁਸਾਂ ਹਵਾਲੇ ਕੀਤਾ ਅਤੇ ਪਿਲਾਤੁਸ ਦੇ ਸਾਹਮਣੇ ਉਸ ਤੋਂ ਇਨਕਾਰ ਕੀਤਾ ਜਾਂ ਉਸ ਨੇ ਉਹ ਨੂੰ ਛੱਡ ਦੇਣ ਦੀ ਦਲੀਲ ਕੀਤੀ।
- 14 ਪਰ ਤੁਸਾਂ ਉਸ ਪਵਿੱਤ੍ਰ ਅਰ ਧਰਮੀ ਤੋਂ ਇਨਕਾਰ ਕੀਤਾ ਅਤੇ ਚਾਹਿਆ ਭਈ ਇੱਕ ਖੂਨੀ ਤੁਹਾਡੇ ਲਈ ਛੱਡਿਆ ਜਾਵੇ।
- 15 ਪਰ ਜੀਉਣ ਦੇ ਕਰਤਾ ਨੂੰ ਮਾਰ ਸੁੱਟਿਆ ਜਿਹ ਨੂੰ ਪਰਮੇਸ਼ੁਰ ਨੇ ਮੁਰਦਿਆਂ ਵਿੱਚੋਂ ਜਿਵਾਲਿਆ ਅਤੇ ਅਸੀਂ ਏਸ ਗੱਲ ਦੇ ਗਵਾਹ ਹਾਂ।
- 16 ਉਹ ਦੇ ਨਾਮ ਉੱਤੇ ਨਿਹਚਾ ਕਰਨ ਕਰਕੇ ਉਹ ਦੇ ਨਾਮ ਹੀ ਨੇ ਐਸ ਮਨੁੱਖ ਨੂੰ ਜਿਹ ਨੂੰ ਤੁਸੀਂ ਵੇਖਦੇ ਅਤੇ ਜਾਣਦੇ ਹੋ ਤਕੜਾ ਕੀਤਾ। ਹਾਂ, ਓੱਸੇ ਨਿਹਚਾ ਨੇ ਜਿਹੜੀ ਉਹ ਦੇ ਦੁਆਰੇ ਤੋਂ ਹੈ ਇਹ ਪੂਰੀ ਤੰਦਰੁਸਤੀ ਤੁਸਾਂ ਸਭਨਾਂ ਦੇ ਸਾਹਮਣੇ ਉਸ ਨੂੰ ਦਿੱਤੀ।
- 17 ਅਤੇ ਹੁਣ ਹੇ ਭਾਈਓ, ਮੈਂ ਜਾਣਦਾ ਹਾਂ ਜੋ ਤੁਸਾਂ ਅਣਜਾਣਪੁਣੇ ਨਾਲ ਇਹ ਕੀਤਾ ਜਿਵੇਂ ਤੁਹਾਡੇ ਸਰਦਾਰਾਂ ਨੇ ਭੀ ਕੀਤਾ।
- 18 ਪਰ ਜਿਨ੍ਹਾਂ ਗੱਲਾਂ ਦੀ ਪਰਮੇਸ਼ੁਰ ਨੇ ਸਭਨਾਂ ਨਬੀਆਂ ਦੀ ਜ਼ਬਾਨੀ ਅਗੇਤੀ ਖਬਰ ਦਿੱਤੀ ਸੀ ਭਈ ਮੇਰਾ ਮਸੀਹ ਨੇ ਦੁਖ ਝੱਲਣਾ ਹੈ ਸੋ ਉਸ ਨੇ ਇਉਂ ਪੂਰੀਆਂ ਕੀਤੀਆਂ।
- 19 ਇਸ ਲਈ ਤੋਬਾ ਕਰੋ ਅਤੇ ਮੁੜੋ ਭਈ ਤੁਹਾਡੇ ਪਾਪ ਮਿਟਾਏ ਜਾਣ ਤਾਂ ਜੋ ਪ੍ਰਭੁ ਦੇ ਹਜ਼ੂਰੋਂ ਸੁਖ ਦੇ ਦਿਨ ਆਉਣ।
- 20 ਅਤੇ ਉਹ ਮਸੀਹ ਨੂੰ ਜਿਹੜਾ ਤੁਹਾਡੇ ਲਈ ਠਹਿਰਾਇਆ ਹੋਇਆ ਹੈ, ਹਾਂ ਯਿਸੂ ਹੀ ਨੂੰ, ਘੱਲ ਦੇਵੇ।
- 21 ਜ਼ਰੂਰ ਹੈ ਜੋ ਉਹ ਸੁਰਗ ਵਿੱਚ ਜਾ ਰਹੇ ਜਿੰਨਾ ਚਿਰ ਸਾਰੀਆਂ ਚੀਜ਼ਾਂ ਦੇ ਸੁਧਾਰੇ ਜਾਣ ਦਾ ਸਮਾ ਨਾ ਆਵੇ ਜਿਨ੍ਹਾਂ ਦੇ ਵਿਖੇ ਪਰਮੇਸ਼ੁਰ ਨੇ ਆਪਣੇ ਪਵਿੱਤ੍ਰ ਨਬੀਆਂ ਦੀ ਜਬਾਨੀ ਮੁੱਢੋਂ ਹੀ ਆਖਿਆ ਸੀ।
- 22 ਮੂਸਾ ਨੇ ਤਾ ਆਖਿਆ ਭਈ ਪ੍ਰਭੁ ਪਰਮੇਸ਼ੁਰ ਤੁਹਾਡੇ ਭਰਾਵਾਂ ਵਿੱਚੋਂ ਤੁਹਾਡੇ ਲਈ ਮੇਰੇ ਵਰਗਾ ਇੱਕ ਨਬੀ ਖੜਾ ਕਰੇਗਾ। ਜੋ ਕੁਝ ਉਹ ਤੁਹਾਨੂੰ ਆਖੇ ਉਸ ਨੂੰ ਸੁਣੋ।
- 23 ਅਤੇ ਐਉਂ ਹੋਵੇਗਾ ਕਿ ਹਰ ਇੱਕ ਜਾਨ ਜੋ ਉਸ ਨਬੀ ਦੀ ਨਾ ਸੁਣੇ ਕੌਮ ਵਿੱਚੋਂ ਛੇਕੀ ਜਾਵੇ।
- 24 ਅਤੇ ਸਾਰਿਆਂ ਨਬੀਆਂ ਨੇ ਸਮੂਏਲ ਤੋਂ ਅਤੇ ਉਨ੍ਹਾਂ ਤੋਂ ਜਿਹੜੇ ਉਹ ਦੇ ਮਗਰੋਂ ਹੋਏ, ਜਿੰਨਿਆਂ ਨੇ ਬਚਨ ਕੀਤਾ, ਉਨ੍ਹਾਂ ਨੇ ਭੀ ਇਨ੍ਹਾਂ ਹੀ ਦਿਨਾਂ ਦੀ ਖਬਰ ਦਿੱਤੀ।
- 25 ਤੁਸੀਂ ਨਬੀਆਂ ਦੇ ਅਤੇ ਉਸ ਨੇਮ ਦੇ ਪੁੱਤ੍ਰ ਹੋ ਜਿਹ ਨੂੰ ਪਰਮੇਸ਼ੁਰ ਨੇ ਤੁਹਾਡੇ ਪਿਉ ਦਾਦਿਆਂ ਨਾਲ ਕੀਤਾ ਸੀ ਜਦ ਅਬਰਾਹਾਮ ਨੂੰ ਆਖਿਆ, ਤੇਰੀ ਅੰਸ ਵਿੱਚ ਧਰਤੀ ਦੇ ਸਾਰੇ ਘਰਾਣੇ ਬਰਕਤ ਪਾਉਣਗੇ।
- 26 ਪਰਮੇਸ਼ੁਰ ਨੇ ਆਪਣੇ ਸੇਵਕ ਨੂੰ ਖੜਾ ਕਰ ਕੇ ਪਹਿਲਾਂ ਤੁਹਾਡੇ ਕੋਲ ਘੱਲਿਆ ਭਈ ਤੁਹਾਡੇ ਵਿੱਚੋਂ ਹਰੇਕ ਨੂੰ ਉਹ ਦੀਆਂ ਬੁਰਿਆਈਆਂ ਤੋਂ ਹਟਾ ਕੇ ਤੁਹਾਨੂੰ ਬਰਕਤ ਦੇਵੇ।